ਭਵਾਨੀਗੜ, 10 ਜਨਵਰੀ (ਗੁਰਵਿੰਦਰ ਸਿੰਘ): ਸਥਾਨਕ ਬਲਿਅਲ ਰੋਡ 'ਤੇ ਧੀਮੀ ਗਤੀ ਨਾਲ ਚੱਲ ਸੀਵਰੇਜ ਪਾਉਣ ਦੇ ਕੰਮ ਅਤੇ ਇੱਥੇ ਪੁੱਟੀ ਸੜਕ ਕਾਰਨ ਬਣੀ ਚਿੱਕੜੀ ਤੋਂ ਦੁਖੀ ਹੋਏ ਦੁਕਾਨਦਾਰਾਂ ਤੇ ਨੇੜਲੇ ਮੁਹੱਲੇ ਦੇ ਲੋਕਾਂ ਨੇ ਅੱਜ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਹੈਪੀ ਸ਼ਰਮਾ, ਗਿਆਨ ਚੰਦ ਗਰਗ, ਮਲਕੀਤ ਸਿੰਘ, ਕੇਵਲ ਸਿੰਘ, ਅਮਨੀ ਖਾਨ, ਰਸ਼ਪਾਲ ਸਿੰਘ, ਨਿਹਾਲ ਸਿੰਘ, ਗੁਰਤੇਜ ਸਿੰਘ, ਸ਼ਰੀਫ ਖਾਨ ਆਦਿ ਨੇ ਦੱਸਿਆ ਕਿ ਵਿਕਾਸ ਕਾਰਜਾਂ ਤਹਿਤ ਇੱਕ ਡੇਢ ਮਹੀਨੇ ਤੋਂ ਬਲਿਆਲ ਰੋਡ ਉਪਰ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ ਜਿਸਨੂੰ ਠੇਕੇਦਾਰ ਵੱਲੋਂ ਬਹੁਤ ਹੀ ਧੀਮੀ ਗਤੀ ਨਾਲ ਕੀਤਾ ਜਾ ਰਿਹਾ ਹੈ ਕਿਉਂਕਿ ਸੀਵਰੇਜ ਪਾਉਣ ਲਈ ਪੁਟੀ ਗਈ ਸੜਕ ਕਾਰਨ ਇੱਥੇ ਆਏ ਦਿਨ ਕੋਈ ਨਾ ਕੋਈ ਵਾਹਨ ਮਿੱਟੀ ਵਿੱਚ ਧੱਸ ਕੇ ਫਸ ਜਾਂਦੇ ਹਨ। ਪਿਛਲੇ ਦਿਨਾਂ ਦੌਰਾਨ ਹੋਈ ਬਾਰਿਸ਼ ਕਾਰਨ ਇੱਥੇ ਮਿੱਟੀ ਦੀ ਦਲਦਲ ਬਣ ਗਈ ਜਿਸ ਕਰਕੇ ਇੱਥੋਂ ਲੰਘਣ ਵਾਲੇ ਰਾਹਗੀਰ ਤਿਲਕ ਕੇ ਸੱਟਾ ਵੀ ਖਾ ਚੁੱਕੇ ਹਨ। ਦੁਕਾਨਦਾਰਾ ਨੇ ਕਿਹਾ ਕਿ ਸੀਵਰੇਜ ਦਾ ਕੰਮ ਚਲਦੇ ਹੋਣ ਕਾਰਨ ਪਿਛਲੇ ਕੁੱਝ ਸਮੇਂ ਤੋਂ ਉਨ੍ਹਾਂ ਦੀ ਦੁਕਾਨਦਾਰੀ ਪੂਰੀ ਤਰ੍ਹਾਂ ਨਾਲ ਠੱਪ ਪਈ ਹੈ ਤੇ ਗ੍ਰਾਹਕ ਨਾ ਆਉਣ ਕਰਕੇ ਹਫਤਾ ਹਫਤਾ ਉਨ੍ਹਾਂ ਦੀ ਬੋਹਨੀ ਵੀ ਨਹੀਂ ਹੁੰਦੀ ਜਿਸ ਕਰਕੇ ਉਹ ਮੰਦੀ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ ਨੇ ਦੱਸਿਆ ਕਿ ਇਸ ਰਸਤੇ ਦੀ ਹਾਲਾਤ ਇੰਨੇ ਨਰਕ ਭਰੀ ਬਣ ਗਈ ਹੈ ਕਿ ਇੱਥੋਂ ਕੋਈ ਰਾਹਗੀਰ ਪੈਦਲ ਵੀ ਨਹੀਂ ਲੰਘ ਸਕਦਾ। ਲੋਕਾਂ ਨੇ ਪ੍ਰਸ਼ਾਸਨ ਤੋਂ ਸੀਵਰੇਜ ਦੇ ਕੰਮ ਵਿੱਚ ਤੇਜੀ ਲਿਆਉਣ ਅਤੇ ਪੁੱਟੀ ਗਈ ਸੜਕ 'ਤੇ ਰੋੜਾ ਪਾਉਣ ਦੀ ਮੰਗ ਕੀਤੀ ਤਾਂ ਜੋ ਦੁਕਾਨਦਾਰ ਤੇ ਆਮ ਲੋਕ ਪ੍ਰੇਸ਼ਾਨੀ ਤੋਂ ਬੱਚ ਸਕਣ। ਓਧਰ, ਦੂਜੇ ਪਾਸੇ ਕਈ ਵਾਰ ਕੋਸ਼ਿਸ਼ ਕਰਨ 'ਤੇ ਵੀ ਸਬੰਧਤ ਠੇਕੇਦਾਰ ਨਾਲ ਸੰਪਰਕ ਨਹੀਂ ਹੋ ਸਕਿਆ ਜਦੋਂਕਿ ਸੀਵਰੇਜ ਵਿਭਾਗ ਦੇ ਜੇ.ਈ. ਅਸ਼ੋਕ ਕੁਮਾਰ ਦਾ ਕਹਿਣਾ ਸੀ ਕਿ ਪਿਛਲੇ ਦਿਨਾਂ ਦੌਰਾਨ ਹੋਈ ਬਾਰਿਸ਼ ਕਰਕੇ ਕੰਮ ਠੱਪ ਹੋ ਗਿਆ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਭਵਾਨੀਗੜ ਵਿੱਚ ਚੱਲ ਰਹੇ ਸੀਵਰੇਜ ਦੇ ਕਾਰਜ ਛੇ ਮਹੀਨੇ ਦੇ ਅੰਦਰ ਅੰਦਰ ਪੂਰੇ ਕਰ ਲਏ ਜਾਣਗੇ।