ਸਿੱਖਿਆ ਸਕੱਤਰ ਤੇ ਮੁੱਖ ਸਕੱਤਰ ਨਾਲ ਹੋਣ ਵਾਲੀ ਮੀਟਿੰਗ ਮੁਲਤਵੀ
ਬੇਰੁਜਗਾਰ ਅਧਿਆਪਕਾਂ ਲਗਾਇਆ ਅਧਿਕਾਰੀ 'ਤੇ ਖੱਜਲ ਖੁਆਰ ਕਰਨ ਦਾ ਦੋਸ਼ -

ਭਵਾਨੀਗੜ,14 ਜਨਵਰੀ (ਗੁਰਵਿੰਦਰ ਸਿੰਘ): ਸੀਡਬਲਿਯੂਪੀ 21108/2017 ਦੇ ਰਿੱਟ ਪਟੀਸ਼ਨਰਾਂ ਨੇ ਇੱਕ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਨਿੱਜੀ ਸੁਣਵਾਈ ਲਈ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨੂੰ 13/01/2020 ਨੂੰ ਬੁਲਾਇਆ ਗਿਆ ਸੀ, ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਪਟੀਸ਼ਨਰ ਜੋ ਕਿ ਬੇਰੁਜ਼ਗਾਰ ਅਧਿਆਪਕ ਹਨ ਸਿੱਖਿਆ ਵਿਭਾਗ ਦੇ ਬੁਲਾਵੇ 'ਤੇ ਪਹੁੰਚੇ ਤਾਂ ਉੱਥੇ ਹਾਜ਼ਰੀ ਲਗਵਾਉਣ ਉਪਰੰਤ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਿੱਖਿਆ ਸਕੱਤਰ ਤੇ ਮੁੱਖ ਸਕੱਤਰ ਨਾਲ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ ਮੀਟਿੰਗ ਅਗਲੇ ਦਿਨ 14/01/2020 ਨੂੰ ਹੋਵੇਗੀ ਤਾਂ ਅਗਲੇ ਦਿਨ ਬੇਰੁਜ਼ਗਾਰ ਪਟੀਸ਼ਨਰ ਰੁਜ਼ਗਾਰ ਦੀ ਆਸ ਵਿੱਚ ਮੁੱਖ ਸਕੱਤਰ ਅਤੇ ਸਿੱਖਿਆ ਸਕੱਤਰ ਅੱਗੇ ਆਪਣਾ ਪੱਖ ਪੇਸ਼ ਕਰਨ ਲਈ ਦੂਰ ਦਰਾਡੇ ਦੇ ਜ਼ਿਲ੍ਹਿਆਂ ਤੋਂ ਮੁੱਖ ਸਕੱਤਰ ਦਫ਼ਤਰ ਨੂੰ ਆਸਵੰਦ ਹੋ ਕੇ ਤੁਰ ਪਏ, ਪਟੀਸ਼ਨਰ ਮੁੱਖ ਸਕੱਤਰ ਦੇ ਦਫ਼ਤਰ ਪਹੁੰਚਣ ਵਾਲੇ ਹੀ ਸਨ ਕਿ ਭਰਤੀ ਬੋਰਡ ਦੇ ਸਹਾਇਕ ਡਾਇਰੈਕਟਰ ਨੇ ਉਨ੍ਹਾਂ ਨੂੰ ਫੋਨ 'ਤੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਅੱਜ ਦੀ ਮੀਟਿੰਗ ਵੀ ਮੁਲਤਵੀ ਹੋ ਗਈ ਹੈ। ਸਿੱਖਿਆ ਵਿਭਾਗ ਵੱਲੋਂ ਦੋ ਵਾਰ ਮੀਟਿੰਗ ਮੁਲਤਵੀ ਕਰਨ 'ਤੇ ਪਟੀਸ਼ਨਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪਟੀਸ਼ਨਰਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਸਿੱਖਿਆ ਵਿਭਾਗ ਦੀ ਗ਼ਲਤੀ ਕਾਰਨ ਉਹ ਪਿਛਲੇ 8 ਸਾਲ ਤੋਂ ਬਿਨਾਂ ਕਸੂਰ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਹਨ ਤੇ ਹੁਣ ਸਿੱਖਿਆ ਵਿਭਾਗ ਵੱਲੋਂ ਸੁਣਵਾਈ ਦੇ ਨਾਮ 'ਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਪਟੀਸ਼ਨਰਾਂ ਨੇ ਸਿੱਖਿਆ ਸਕੱਤਰ ਅਤੇ ਮੁੱਖ ਸਕੱਤਰ ਨੂੰ ਬੇਨਤੀ ਕਰਦਿਆਂ ਆਖਿਆ ਹੈ ਕਿ ਉਨ੍ਹਾਂ ਦਾ ਪੱਖ ਸੁਣ ਕੇ ਯੋਗ ਹੱਲ ਕੱਢਿਆ ਜਾਵੇ ਅਤੇ ਬਣਦਾ ਹੱਕ ਦਿੱਤਾ ਜਾਵੇ ਕਿਉਂਕਿ ਬੇਰੁਜ਼ਗਾਰ ਅਧਿਆਪਕ 3442/5178 ਅਧੀਨ 50 ਅਸਾਮੀਆਂ ਤੇ ਨੌਕਰੀ ਕਰ ਰਹੇ ਅਧਿਆਪਕਾਂ ਤੋਂ ਉੱਚੀ ਮੈਰਿਟ ਰੱਖਦੇ ਹਨ। ਪਰ ਸਿੱਖਿਆ ਵਿਭਾਗ ਵੱਲੋਂ ਪੀਅਸਟੈੱਟ-2 (2011) ਤੇ ਪੀਅੈੱਸਟੈੱਟ-1 (2013) ਦਾ ਨਤੀਜਾ 2017 ਵਿੱਚ ਸੋਧ ਕੇ ਦੇਣ ਕਾਰਨ ਨੌਕਰੀ ਤੋਂ ਵਾਂਝੇ ਰਹਿ ਗਏ ਸਨ ਅਤੇ ਹੁਣ ਤੱਕ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਇਸ ਮੌਕੇ ਇੰਦਰਪਾਲ ਕੌਰ ਸੂਬਾ ਪ੍ਰਧਾਨ, ਮਨੀਸ਼ ਕੁਮਾਰ ਫਰੀਦਕੋਟ, ਰਾਧੇ ਰਾਮ ਅਬੋਹਰ, ਸੰਦੀਪ ਸਿੰਘ, ਹਰਵੀਰ ਕੌਰ, ਸੁਰਿੰਦਰ ਕੌਰ, ਬਨਾਰਸੀ ਤੇ ਗੁਰਸੇਵਕ ਸਿੰਘ ਬੇਰੁਜ਼ਗਾਰ ਸਾਥੀ ਹਾਜ਼ਰ ਸਨ।
ਰੋਸ ਪ੍ਰਗਟਾਉਂਦੇ ਬੇਰੁਜਗਾਰ ਅਧਿਆਪਕ।