ਭਵਾਨੀਗੜ੍ਹ ,15 ਜਨਵਰੀ (ਗੁਰਵਿੰਦਰ ਸਿੰਘ):-‘ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਬਚਾਉਣ ਲਈ 'ਪਿੰਡ ਬਚਾਓ ਪੰਜਾਬ ਬਚਾਓ’ ਮੁਹਿੰਮ ਤਹਿਤ 18 ਜਨਵਰੀ ਨੂੰ ਸੁਤੰਤਰ ਭਵਨ ਸੰਗਰੂਰ ਵਿਖੇ ਕੀਤੇ ਜਾ ਰਹੇ ਸੈਮੀਨਾਰ ਦੀ ਤਿਆਰੀ ਸਬੰਧੀ ਭਵਾਨੀਗੜ੍ਹ ਬਲਾਕ ਦੇ ਪਿੰਡ ਘਰਾਚੋਂ, ਝਨੇੜੀ, ਬਾਲਦ ਕਲਾਂ, ਪੰਨਵਾਂ, ਨਦਾਮਪੁਰ ਆਦਿ ਲੋਕਾਂ ਨੂੰ ਲਾਮਬੰਦ ਕਰਨ ਲਈ ਜਨਤਕ ਇਕੱਠ ਕੀਤੇ ਗਏ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਈ ਡੀ ਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਜਿਲ੍ਹਾ ਪ੍ਰਧਾਨ ਤਾਰਾ ਸਿੰਘ ਫੱਗੂਵਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਹੜੱਪਣ ਲਈ ਪੰਜਾਬ ਵਿਲੇਜ ਕਾਮਨ ਲੈਂਡ ਰੈਗੂਲੇਸ਼ਨ ਕਾਨੂੰਨ ਅੰਦਰ ਸੋਧ ਕਰਕੇ ਸ਼ਾਮਲਾਟ ਜ਼ਮੀਨਾਂ ਨੂੰ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਨੂੰ ਦੇਣ ਦਾ ਫੈਸਲਾ ਕਰ ਚੁੱਕੀ ਹੈ। ਜਿਸ ਦਾ ਅਸਰ ਸਭ ਤੋਂ ਵੱਧ ਗਰੀਬ ਵਰਗ 'ਤੇ ਪਵੇਗਾ ਕਿਉਂਕਿ ਗਰੀਬ ਲੋਕ ਪੰਚਾਇਤੀ ਜਮੀਨਾਂ ਠੇਕੇ 'ਤੇ ਲੈਕੇ ਅਪਣਾ ਜੀਵਨ ਨਿਰਬਾਹ ਕਰ ਲੈਂਦੇ ਸਨ ਤੇ ਕਾਨੂੰਨ ਤਹਿਤ ਤੀਜੇ ਹਿੱਸੇ ਦੀ ਪੰਚਾਇਤੀ ਜਮੀਨ ਠੇਕੇ ਤੇ ਅਨੁਸੂਚਿਤ ਵਰਗ ਲੈ ਸਕਦਾ ਹੈ ਜਿਸ ਸਬੰਧੀ ਪਿਛਲੇ ਸਮੇਂ ਅੰਦਰ ਅਪਣੇ ਹਿੱਸੇ ਦੀ ਜਮੀਨ ਠੇਕੇ ਤੇ ਲੈਣ ਸਬੰਧੀ ਜਨਤਕ ਅੰਦੋਲਨ ਵੱਡੀ ਪੱਧਰ ਤੇ ਹੋਏ ਸਨ। ਸ਼ਾਮਲਾਟ ਜ਼ਮੀਨਾਂ ਬਚਾਉਣ ਲਈ ਗਰਾਮ ਸਭਾ ਦੇ ਇਜਲਾਸ ਅੰਦਰ ਜਮੀਨ ਨਾ ਦੇਣ ਦੇ ਮਤੇ ਪਾਸ ਕਰਕੇ ਸ਼ਾਮਲਾਟ ਜ਼ਮੀਨਾਂ ਨੂੰ ਬਚਾਇਆ ਜਾ ਸਕਦਾ ਹੈ। ਸ਼ਾਮਲਾਟ ਜਮੀਨ ਹੀ ਪਿੰਡ ਪੱਧਰ ਤੇ ਰੋਜ਼ਗਾਰ ਦਾ ਵੱਡਾ ਸੋਮਾ ਹੈ ਇਸ ਲਈ ਜਨਤਕ ਲਾਮਬੰਦੀ ਕਰਨ ਲਈ ਪਿੰਡ ਪੱਧਰ ਤੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਜਥੇਬੰਦੀ ਦੇ ਆਗੂ।