ਭਵਾਨੀਗੜ, 17 ਜਨਵਰੀ (ਗੁਰਵਿੰਦਰ ਸਿੰਘ): ਦੇਸ਼ ਦੇ ਹਰੇਕ ਨਾਗਰਿਕ ਲਈ ਕੇੰਦਰ ਸਰਕਾਰ ਵੱਲੋਂ ਆਧਾਰ ਕਾਰਡ ਬਣਾਵਾਉਣਾ ਲਾਜ਼ਮੀ ਕਰ ਰੱਖਿਆ ਹੈ ਉੱਥੇ ਹੀ ਦੂਜੇ ਪਾਸੇ ਭਵਾਨੀਗੜ ਬਲਾਕ ਦੇ ਪਿੰਡ ਬਾਲਦ ਕਲਾਂ ਦਾ ਇੱਕ ਮੱਧਵਰਗੀ ਕਿਸਾਨ ਪਰਿਵਾਰ ਅਪਣੀ 30 ਸਾਲਾਂ ਦਿਵਿਆਂਗ ਲੜਕੀ ਲਈ ਆਧਾਰ ਕਾਰਡ ਬਣਾਉਣ ਲਈ ਦਰ ਦਰ ਦੀਆਂ ਠੋਕਰਾ ਖਾ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੀ ਬੇਰੁੱਖੀ ਕਾਰਨ ਉਨ੍ਹਾਂ ਨੂੰ ਅਪਣੀ ਦਿਵਿਆਂਗ ਲੜਕੀ ਦਾ ਅਧਾਰ ਕਾਰਡ ਬਣਵਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਲੱਗ ਰਿਹਾ। ਇਸ ਸਬੰਧੀ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਇੱਕ ਬੇਟੇ ਅਤੇ ਚਾਰ ਬੇਟੀਆਂ 'ਚੋਂ ਸਭ ਤੋਂ ਵੱਡੀ 30 ਸਾਲ ਦੀ ਲੜਕੀ ਬੱਬੂ ਜੋ ਸਰੀਰਕ ਤੌਰ 'ਤੇ ਬਚਪਨ ਤੋਂ ਅਪਾਹਜ ਹੈ। ਬੋਲਣ ਤੇ ਚੱਲਣ ਫਿਰਨ ਤੋਂ ਪੂਰੀ ਤਰ੍ਹਾਂ ਨਾਲ ਅਸਮਰਥ ਬੱਬੂ ਪਿਛਲੇ 28- 29 ਸਾਲਾਂ ਤੋਂ ਮੰਜੇ 'ਤੇ ਹੀ ਪਈ ਹੈ। ਬਲਦੇਵ ਸਿੰਘ ਨੇ ਦੱਸਿਆ ਕਿ ਉਸਦੀ ਲੜਕੀ ਦੀ ਉਮਰ ਤਾਂ ਵਧਦੀ ਗਈ ਪਰ ਕੱਦ ਸਵਾ ਦੋ ਫੁੱਟ ਤੋਂ ਜਿਆਦਾ ਨਹੀ ਵਧ ਸਕਿਆ। ਜਦੋਂਕਿ ਬੱਬੂ ਦੇ ਬਾਕੀ ਸਾਰੇ ਭੈਣ ਭਰਾ ਪੂਰੀ ਤਰ੍ਹਾਂ ਤੰਦਰੁਸਤ ਹਨ। ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਉਸ ਸਮੇਂ ਬਹੁਤ ਹੈਰਾਨੀ ਹੋਈ ਜਦੋਂ ਅਧਾਰ ਕਾਰਡ ਬਣਾਉਣ ਵਾਲੇ ਕਰਮਚਾਰੀਆਂ ਨੇ ਬੱਬੂ ਦਾ ਆਧਾਰ ਕਾਰਡ ਬਣਾਉਣ ਤੋਂ ਹੀ ਮਨਾ ਕਰ ਦਿੱਤਾ ਕਿਉਂਕਿ ਉਹ ਦਿਵਿਆਂਗ ਸੀ। ਅਧਾਰ ਕਾਰਡ ਬਣਾਉਣ ਲਈ ਬਲਦੇਵ ਸਿੰਘ ਅਪਣੀ ਦਿਵਿਆਂਗ ਲੜਕੀ ਬੱਬੂ ਨੂੰ ਲੈ ਕੇ ਕਈ ਵਾਰ ਵੱਖ ਵੱਖ ਦਫਤਰਾਂ ਵਿੱਚ ਧੱਕੇ ਖਾਂਦਾ ਰਿਹਾ ਪਰ ਹੁਣ ਤੱਕ ਵੀ ਉਸਦੀ ਲੜਕੀ ਦਾ ਅਧਾਰ ਕਾਰਡ ਨਹੀਂ ਬਣ ਸਕਿਆ। ਸਰਕਾਰ ਦੀ ਇਸ ਬੇਰੁਖੀ ਤੋਂ ਨਿਰਾਸ਼ ਬੱਬੂ ਦੇ ਮਾਤਾ ਪਿਤਾ ਨੇ ਆਖਿਆ ਕਿ ਜਿਸ ਬੱਚੇ ਨੂੰ ਫਰਕ ਸਮਝੇ ਬਿਨ੍ਹਾਂ ਉਹ ਪਿਛਲੇ 30 ਸਾਲਾਂ ਤੋਂ ਸੇਵਾ ਕਰਕੇ ਪਾਲਦੇ ਆ ਰਹੇ ਹਨ ਸਰਕਾਰ ਦੀ ਨਜ਼ਰ ਵਿੱਚ ਉਸ ਬੱਚੇ ਦਾ ਕੋਈ ਆਧਾਰ ਹੀ ਨਹੀਂ ਹੈ। ਪਰਿਵਾਰ ਦਾ ਕਹਿਣਾ ਹੈ ਕਿ ਆਧਾਰ ਕਾਰਡ ਨਾ ਹੋਣ ਕਰਕੇ ਬੱਬੂ ਨੂੰ ਸਰਕਾਰੀ ਸਹੂਲਤਾਂ ਤੇ ਹੋਰ ਭਲਾਈ ਸਕੀਮਾ ਤੋਂ ਵਾਂਝਾ ਰਹਿਣਾ ਪੈ ਰਿਹਾ ਹੈ। ਓਧਰ ਇਸ ਸਬੰਧੀ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲਾ ਤੁਹਾਡੇ ਰਾਹੀਂ ਮੇਰੇ ਧਿਆਨ 'ਚ ਆਇਆ ਹੈ। ਆਧਾਰ ਕਾਰਡ ਬਣਾਉਣਾ ਹਰੇਕ ਵਿਅਕਤੀ ਦਾ ਹੱਕ ਹੈ ਭਾਵੇਂ ਉਹ ਦਿਵਿਆਂਗ ਹੀ ਕਿਉਂ ਨਾ ਹੋਵੇ। ਦਿਵਿਆਂਗ ਲੜਕੀ ਬੱਬੂ ਦਾ ਆਧਾਰ ਕਾਰਡ ਜਰੂਰ ਬਣੇਗਾ ਇਸ ਸਬੰਧੀ ਉਸਦੇ ਕਾਗਜ ਪੱਤਰ ਮੰਗਵਾ ਕੇ ਚੈੱਕ ਕੀਤੇ ਜਾਣਗੇ।