ਸੜਕ ਹਾਦਸਾ
ਬੱਸ ਤੇ ਸਕਾਰਪਿਓ 'ਚ ਟੱਕਰ, 6 ਲੋਕ ਜਖ਼ਮੀ

ਭਵਾਨੀਗੜ੍ਹ, 18 ਜਨਵਰੀ (ਗੁਰਵਿੰਦਰ ਸਿੰਘ): ਮੁੱਖ ਸੜਕ 'ਤੇ ਪਿੰਡ ਫੱਗੂਵਾਲਾ ਨੇੜੇ ਸ਼ਨੀਵਾਰ ਦੁਪਹਿਰ ਪੀਆਰਟੀਸੀ ਦੀ ਸਰਕਾਰੀ ਬੱਸ ਅਤੇ ਇੱਕ ਸਕਾਰਪਿਓ ਗੱਡੀ ਵਿਚਕਾਰ ਵਾਪਰੇ ਸੜਕ ਹਾਦਸੇ ਵਿੱਚ 6 ਲੋਕ ਗੰਭੀਰ ਜਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਸਕਾਰਪਿਓ ਗੱਡੀ 'ਚ ਸਵਾਰ ਚਰਨ ਸਿੰਘ ਵਾਸੀ ਪਿੰਡ ਢੀਂਡਸਾ (ਲਹਿਰਾ) ਅੱਜ ਜਦੋਂ ਅਪਣੇ ਪਰਿਵਾਰ ਸਮੇਤ ਨਾਭਾ ਤੋਂ ਕਿਸੇ ਰਿਸ਼ਤੇਦਾਰ ਨੂੰ ਮਿਲਕੇ ਵਾਪਸ ਪਿੰਡ ਪਰਤ ਰਹੇ ਸਨ ਤਾਂ ਭਵਾਨੀਗੜ ਤੋਂ ਅੱਗੇ ਫੱਗੂਵਾਲਾ ਕੈੰਚੀਆ ਨੇੜੇ ਪੁਲ ਤੋਂ ਪਹਿਲਾਂ ਸੁਨਾਮ ਨੂੰ ਮੁੜਨ ਦੀ ਬਜਾਏ ਸੰਗਰੂਰ ਵੱਲ ਨੂੰ ਚਲੇ ਗਏ। ਇਸ ਬਾਰੇ ਪਿੰਡ ਫੱਗੂਵਾਲਾ ਨੇੜੇ ਪੁਜਣ 'ਤੇ ਪਤਾ ਲੱਗਿਆ ਤਾਂ ਚਰਨ ਸਿੰਘ ਗੱਡੀ ਵਾਪਸ ਮੋੜ ਹੀ ਰਿਹਾ ਸੀ ਕਿ ਇਸ ਦੌਰਾਨ ਪਿੱਛੋਂ ਅ ਰਹੀ ਇੱਕ ਪੀਆਰਟੀਸੀ ਦੀ ਸਰਕਾਰੀ ਬੱਸ ਨੇ ਉਨ੍ਹਾਂ ਦੀ ਸਕਾਰਪਿਓ ਗੱਡੀ ਨੂੰ ਜੋਰਦਾਰ ਟੱਕਰ ਮਾਰ ਦਿੱਤੀ। ਹਾਦਸੇ 'ਚ ਸਕਾਰਪਿਓ ਗੱਡੀ 'ਚ ਸਵਾਰ ਚਰਨ ਸਿੰਘ, ਉਸਦੀ ਪਤਨੀ ਗੁਰਮੀਤ ਕੌਰ ਸਮੇਤ ਗੁਰਨੂਰ ਕੌਰ, ਵੀਰਪਾਲ ਕੌਰ, ਬੱਬੂ, ਹਰਲੀਨ ਕੌਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਮੌਕੇ ਤੋਂ ਭਵਾਨੀਗੜ ਦੇ ਸਰਕਾਰੀ ਹਸਪਤਾਲ ਵਿੱਚ ਲਿਆਦਾ ਗਿਆ। ਜਿੱਥੋਂ ਡਾਕਟਰਾਂ ਨੇ ਸਾਰਿਆਂ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਪਟਿਆਲਾ ਲਈ ਰੈਫਰ ਕਰ ਦਿੱਤਾ।
ਸੜਕ ਹਾਦਸੇ ਦੀਆਂ ਵੱਖ ਵੱਖ ਤਸਵੀਰਾਂ .