ਸੀਵਰੇਜ ਲਾਈਨ ਦੀ ਖੋਦਾਈ ਦੌਰਾਨ ਮਿੱਟੀ ਹੇਠ ਦੱਬਿਆ ਮਜਦੂਰ
ਲੋਕਾਂ ਨੇ ਰੈਸਕਿਊ ਕਰਕੇ ਸੁਰੱਖਿਆ ਬਾਹਰ ਕੱਢਿਆ

ਭਵਾਨੀਗੜ, 27 ਜਨਵਰੀ (ਵਿਕਾਸ): ਸ਼ਹਿਰ ਦੇ ਬਲਿਆਲ ਰੋਡ 'ਤੇ ਚੱਲ ਰਹੇ ਸੀਵਰੇਜ ਪਾਇਪ ਲਾਇਨ ਪਾਉਣ ਦੇ ਕੰਮ ਦੌਰਾਨ ਅਤਵਾਰ ਨੂੰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇੱਥੇ ਸੀਵਰੇਜ ਪਾਉਣ ਲਈ ਖੌਦੇ ਗਏ ਟੋਏ 'ਚ ਮਿੱਟੀ ਧਸਣ ਨਾਲ ਇੱਕ ਮਜਦੂਰ ਮਿੱਟੀ ਹੇਠ ਦੱਬ ਗਿਆ ਜਿਸਨੂੰ ਭਾਰੀ ਜਦੋ ਜਹਿਦ ਮਗਰੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਾਣਕਾਰੀ ਅਨੁਸਾਰ ਪਿਛਲੇ ਡੇਢ ਮਹੀਨੇ ਤੋਂ ਬਲਿਆਲ ਰੋਡ 'ਤੇ ਸੀਵਰੇਜ ਪਾਇਪ ਲਾਈਨ ਪਾਉਣ ਲਈ ਖੋਦਾਈ ਦਾ ਕਾਰਜ ਚੱਲ ਰਿਹਾ ਹੈ। ਅਤਵਾਰ ਦੁਪਹਿਰ ਹਾਦਸੇ ਵਾਲੀ ਥਾਂ 'ਤੇ ਮਜਦੂਰ ਕੰਮ ਕਰ ਰਹੇ ਸਨ ਤਾਂ ਇਸ ਦੌਰਾਨ ਕਈ ਫੁੱਟ ਡੂੰਘੇ ਟੋਏ ਦੇ ਕਿਨਾਰੇ ਖੜ੍ਹਾ ਕੈਲਾਸ਼ ਨਾਮ ਦਾ ਇੱਕ ਮਜਦੂਰ ਮਿੱਟੀ ਧਸਣ ਨਾਲ ਟੋਏ ਵਿੱਚ ਦੱਬ ਗਿਆ। ਮਿੱਟੀ ਹੇਠਾਂ ਦੱਬੇ ਮਜਦੂਰ ਨੂੰ ਰੈਸਕਿਊ ਕਰਕੇ ਕਰੀਬ ਇੱਕ ਘੰਟੇ ਬਾਅਦ ਮੌਕੇ 'ਤੇ ਇੱਕਤਰ ਲੋਕਾਂ ਅਤੇ ਮਜਦੂਰਾਂ ਨੇ ਜੇਸੀਬੀ ਦੀ ਸਹਾਇਤਾ ਨਾਲ ਟੋਏ 'ਚੋਂ ਬਾਹਰ ਕੱਢਿਆ। ਇਸ ਮੌਕੇ ਜੇਸੀਬੀ ਡਰਾਇਵਰ ਨੇ ਦੱਸਿਆ ਕਿ ਇਹ ਹਾਦਸਾ ਕਿਨਾਰਿਆਂ ਦੀ ਮਿੱਟੀ ਅਚਾਨਕ ਧੱਸਣ ਨਾਲ ਵਾਪਰਿਆ। ਉਸਨੇ ਦੱਸਿਆ ਕਿ ਮਿੱਟੀ ਹੇਠੋਂ ਕੱਢੇ ਗਏ ਮਜਦੂਰ ਦੀ ਹਾਲਤ ਹੁਣ ਠੀਕ ਹੈ ਜਿਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਮਜਦੂਰ ਨੂੰ ਇਲਾਜ ਲਈ ਹਸਪਤਾਲ ਲਿਜਾਂਦੇ ਲੋਕ।