ਟੋਲ ਨਾਕਿਆਂ 'ਤੇ ਆਮ ਜਨਤਾ ਦੀ ਲੁੱਟ ਖਿਲਾਫ ਸ਼ੰਘਰਸ਼ ਦੀ ਚੇਤਾਵਨੀ
ਇੱਕ ਪਾਸੇ ਦੀ ਪਰਚੀ ਫੜਾ ਕੇ ਵੱਧ ਪੈਸੇ ਵਸੂਲ ਰਹੇ : ਬਾਜਵਾ

ਭਵਾਨੀਗੜ, 4 ਫਰਵਰੀ {ਗੁਰਵਿੰਦਰ ਸਿੰਘ): ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਕਿਹਾ ਕਿ ਪੂਰੇ ਦੇਸ਼ ਅਤੇ ਖਾਸ ਕਰਕੇ ਪੰਜਾਬ ਵਿੱਚ ਟੋਲ ਕੰਪਨੀਆਂ ਸਰਕਾਰਾਂ ਦੀ ਮਿਲੀਭੁਗਤ ਨਾਲ ਆਮ ਜਨਤਾ ਦੀ ਅੰਨ੍ਹੀ ਲੁੱਟ ਕਰ ਰਹੀਆਂ ਹਨ। ਪਹਿਲਾਂ ਹੀ ਟੋਲ ਟੈਕਸਾਂ ਤੋਂ ਆਮ ਲੋਕ ਪ੍ਰੇਸ਼ਾਨ ਸਨ ਅਤੇ ਹੁਣ ਇੱਕ ਫਾਸਟ ਟੈਗ ਨਾਮ ਦੇ ਸਟਿੱਕਰ ਨਾਲ ਆਨਲਾਈਨ ਪਰਚੀ ਕੱਟਣ ਦੇ ਨਾਮ ਤੇ ਲੋਕਾਂ ਨੂੰ ਸਰੇਆਮ ਲੁੱਟਿਆ ਜਾ ਰਿਹਾ ਹੈ। ਵਾਹਨਾਂ 'ਤੇ ਸਟਿੱਕਰ ਨਾ ਲੱਗੇ ਹੋਣ ਦੀ ਸੂਰਤ ਵਿੱਚ ਚਾਲਕ ਵੱਲੋਂ ਮੰਗਣ 'ਤੇ ਵੀ ਟੋਲ ਕਰਮਚਾਰੀ ਅੱਪ ਡਾਊਨ ਦੀ ਪਰਚੀ ਨਾ ਕੱਟ ਕੇ ਇੱਕ ਪਾਸੇ ਦੀ ਪਰਚੀ ਹੀ ਫੜਾ ਕੇ ਵੱਧ ਪੈਸੇ ਵਸੂਲ ਰਹੇ ਹਨ। ਜੋ ਵਾਹਨ ਚਾਲਕਾਂ ਦੀ ਜੇਬ 'ਤੇ ਡਾਕਾ ਮਾਰਨ ਦੇ ਬਰਾਬਰ ਹੈ। ਇਸ ਮੌਕੇ ਬਾਜਵਾ ਨੇ ਆਖਿਆ ਕਿ ਇਥੇ ਹੀ ਬਸ ਨਹੀਂ ਪੜ੍ਹੇ ਲਿਖੇ ਵਰਗ ਨੇ ਇਸ ਫਾਸਟ ਟੈਗ ਦੇ ਸਟਿੱਕਰ ਨੂੰ ਆਪਣੀ ਗੱਡੀ 'ਤੇ ਲਗਾ ਕੇ ਆਪਣੇ ਬੈਂਕ ਖਾਤੇ ਨਾਲ ਜੋੜ ਲਿਆ ਹੈ ਉਹਨਾਂ ਨੂੰ ਇਸਦਾ ਦੁੱਗਣਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਕਈ ਘਟਨਾਵਾਂ ਹੋ ਗਈਆਂ ਹਨ ਕਿ ਉਹਨਾਂ ਦੀ ਗੱਡੀ ਘਰ ਖੜੀ ਹੁੰਦੀ ਹੈ ਅਤੇ ਉਹਨਾਂ ਦੇ ਬੈਂਕ 'ਚੋਂ ਫਾਸਟ ਟੈਗ ਵਾਲੇ ਨਾਜਾਇਜ ਹੀ ਪੈਸੇ ਕੱਟ ਰਹੇ ਹਨ ਤੇ ਟੋਲ ਪਲਾਜ਼ਾ ਪ੍ਰਬੰਧਕ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰਦੇ। ਬਾਜਵਾ ਨੇ ਟੋਲ ਕੰਪਨੀਆਂ ਅਤੇ ਸਰਕਾਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਟੋਲ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਇਸ ਨਜਾਇਜ਼ ਲੁੱਟ ਨੂੰ ਨੱਥ ਪਾਈ ਜਾਂਦੀ ਤਾਂ ਪੰਜਾਬ ਏਕਤਾ ਪਾਰਟੀ ਵੱਲੋਂ ਕਿਸਾਨ ਯੂਨੀਅਨਾਂ, ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਸਾਂਝੇ ਤੌਰ 'ਤੇ ਵੱਡਾ ਸੰਘਰਸ਼ ਕੀਤਾ ਜਾਵੇਗਾ।
ਹਰਪ੍ਰੀਤ ਬਾਜਵਾ।