ਭਵਾਨੀਗੜ, 7 ਫਰਵਰੀ (ਗੁਰਵਿੰਦਰ ਸਿੰਘ): ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਅੱਜ ਇੱਥੇ ਆੜਤੀਆਂ ਨਾਲ ਮੀਟਿੰਗ ਕੀਤੀ ਜਿਸ ਦੌਰਾਨ ਵੱਡੀ ਗਿਣਤੀ 'ਚ ਅਨਾਜ ਮੰਡੀ ਦੇ ਆੜਤੀ ਸ਼ਾਮਲ ਹੋਏ। ਇਸ ਮੌਕੇ ਸ਼੍ਰੀ ਗਰਗ ਸਮੇਤ ਹਾਜ਼ਰ ਆੜਤੀਆਂ ਵੱਲੋਂ ਪਿਛਲੇ ਕੁੱਝ ਦਿਨਾਂ ਦਰਮਿਆਨ ਸ਼ਹਿਰ ਅਤੇ ਇਲਾਕੇ 'ਚ ਵਾਪਰੀਆਂ ਚੋਰੀ ਦੀਆਂ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਪੁਲਸ ਪ੍ਰਸ਼ਾਸ਼ਨ ਖਿਲਾਫ਼ ਭਾਰੀ ਰੋਸ ਜਾਹਿਰ ਕੀਤਾ ਗਿਆ। ਇਸ ਮੌਕੇ ਗਰਗ ਨੇ ਕਿਹਾ ਕਿ ਕਾਂਗਰਸ ਦੇ ਰਾਜ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜਾ ਨਿਕਲ ਚੁੱਕਿਆ ਹੈ। ਹਰ ਪਾਸੇ ਜੰਗਲ ਰਾਜ ਫੈਲਿਆ ਹੋਇਆ ਹੈ ਤੇ ਪੁਲਸ ਪ੍ਰਸ਼ਾਸ਼ਨ ਦੀ ਨੱਕ ਹੇਠ ਚੋਰ ਲੁਟੇਰੇ ਬੇਖੌਫ ਹੇ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਗਰਗ ਨੇ ਪੁਲਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਜਗੁਜਾਰੀ ਦੀ ਜੰਮ ਕੇ ਨਿਖੇਧੀ ਕਰਦਿਆਂ ਕਿਹਾ ਕਿ ਪੁਲਸ ਹੁਣ ਤੱਕ ਚੋਰੀ ਦੀ ਕਿਸੇ ਵੀ ਘਟਨਾ ਨੂੰ ਸੁਲਝਾ ਨਹੀਂ ਸਕੀ ਜਿਸ ਕਰਕੇ ਸ਼ਹਿਰ ਵਾਸੀਆਂ 'ਚ ਭਾਰੀ ਸਹਿਮ ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਗਰਗ ਨੇ ਦੱਸਿਆ ਕਿ ਚੋਰੀਆਂ ਦੇ ਸਬੰਧ ਵਿੱਚ ਸ਼ਹਿਰ ਦੇ ਆੜਤੀਆਂ ਦਾ ਇੱਕ ਵਫ਼ਦ ਆਉਣ ਵਾਲੇ ਦਿਨਾਂ ਵਿੱਚ ਜਿਲ੍ਹਾ ਪੁਲਸ ਮੁਖੀ ਨੂੰ ਮਿਲ ਕੇ ਇੱਕ ਮੰਗ ਪੱਤਰ ਸੌਪ ਕੇ ਚੋਰੀਆਂ ਦਾ ਜਲਦ ਤੋਂ ਜਲਦ ਸੁਰਾਗ ਲੱਭਣ ਦੀ ਮੰਗ ਕਰੇਗਾ। ਨਾਲ ਹੀ ਗਰਗ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੁਲਸ ਪ੍ਰਸ਼ਾਸ਼ਨ ਚੋਰੀਆਂ ਦਾ ਕੋਈ ਉੱਘ ਸੁੱਘ ਪਤਾ ਲਾਉਣ ਵਿੱਚ ਸਫਲ ਨਹੀਂ ਹੁੰਦਾ ਤਾਂ ਸ਼ੰਘਰਸ਼ ਕਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪ੍ਰੇਮ ਚੰਦ ਗਰਗ ਪ੍ਰਧਾਨ ਨਗਰ ਕੌਂਸਲ, ਜੀਵਨ ਗੋਇਲ, ਸ਼ਮਸ਼ੇਰ ਸਿੰਘ ਸਾਬਕਾ ਪ੍ਰਧਾਨ, ਭਗਵਾਨ ਦਾਸ, ਟਵਿੰਕਲ ਗੋਇਲ ਤੇ ਹੋਰ ਆੜਤੀ ਹਾਜ਼ਰ ਸਨ।
ਗੱਲਬਾਤ ਕਰਦੇ ਹੋਏ ਅਕਾਲੀ ਆਗੂ ਪ੍ਰਕਾਸ਼ ਚੰਦ ਗਰਗ।