ਭਵਾਨੀਗੜ੍ਹ, 12 ਫਰਵਰੀ (ਗੁਰਵਿੰਦਰ ਸਿੰਘ): ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਅਨੁਸਾਰ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਮੁੱਖ ਖੇਤੀਬਾੜੀ ਅਫਸਰ ਸੰਗਰੁਰ ਦੀ ਪ੍ਰਧਾਨਗੀ ਹੇਠ ਬਲਾਕ ਭਵਾਨੀਗੜ੍ਹ ਵਿਖੇ ਵਿਸਵ ਦਾਲਾਂ ਦਿਵਸ ਮਨਾਇਆ ਗਿਆ। ਇਸ ਮੋਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਡਾ. ਗਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਾਲਾਂ, ਮੱਕੀ ਅਤੇ ਕਪਾਹ ਦੀ ਕਾਸ਼ਤ ਲਈ ਉ਼ਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜ਼ੋ ਫਸਲੀ ਵਿਭਿੰਨਤਾ ਅਪਣਾਕੇ ਪਾਣੀ ਦੇ ਡਿਗਦੇ ਮਿਆਰ ਨੂੰ ਠੱਲ ਪਾਈ ਜਾ ਸਕੇ। ਡਾ. ਗਰੇਵਾਲ ਨੇ ਦੱਸਿਆ ਕਿ ਕਿ ਦਾਲਾਂ ਲੋਕਾਂ ਦੀ ਖੁਰਾਕ ਵਿੱਚ ਅਹਿਮ ਭੂਮਿਕਾ ਨਿਭਾਉਦੀਆਂ ਹਨ। ਦਾਲਾਂ ਸਮੇਤ ਸੰਤੁਲਿਤ ਖੁਰਾਕ ਲੈਣ ਨਾਲ ਅੰਦਾਜਨ 80 ਫੀਸਦੀ ਦਿਲ ਦੇ ਰੋਗ, ਸ਼ੂਗਰ, ਮੋਟਾਪਾ ਆਦਿ ਰੋਗਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦਾਲਾਂ ਦੀਆਂ ਫਸਲਾਂ ਜ਼ਮੀਨ ਦੀ ਸਿਹਤ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਉਦੀਆਂ ਹਨ, ਕਿਉਕਿ ਦਾਲਾਂ ਦੀਆਂ ਫਸਲਾਂ ਹਵਾ ਵਿੱਚੋਂ ਨਾਈਟ੍ਰੋਜਨ ਨੂੰ ਰਾਈਜੋਬੀਅਮ ਬੈਕਟੀਰੀਆਂ ਰਾਹੀਂ ਜ਼ਮੀਨ ਵਿੱਚ ਜਮ੍ਹਾ ਕਰਦੀਆਂ ਹਨ ਅਤੇ ਦਾਲਾਂ ਵਾਲੀਆਂ ਫਸਲਾਂ ਨੂੰ ਅੰਤਰ ਫਸਲਾਂ ਵਜੋ ਕਾਸਤ ਕਰਨ ਨਾਲ ਜਿਥੇ ਵਾਧੂ ਆਮਦਨ ਮਿਲਦੀ ਹੈ, ਉਥੇ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੋਣ ਨਾਲ ਮੁੱਖ ਫਸਲ ਦੀ ਪੈਦਾਵਾਰ ਵੀ ਵਧਦੀ ਹੈ। ਉਨ੍ਹਾਂ ਕਿਹਾ ਕਿ ਦਾਲਾਂ ਦੀ ਕਾਸ਼ਤ ਕਰਨ ਨਾਲ ਰਸਾਇਣਕ ਖਾਦਾਂ ਤੇ ਨਿਰਭਰਤਾ ਘਟਣ ਨਾਲ ਖੇਤੀ ਲਾਗਤ ਖਰਚੇ ਵੀ ਘੱਟ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਾਲ 2019-20 ਦੋਰਾਨ ਮੂੰਗੀ ਦਾ ਰੇਟ 7050/-ਰੁਪਏ, ਛੋਲਿਆਂ ਦਾ ਰੇਟ 4875 ਰੁਪਏ ਪ੍ਰਤੀ ਕੁਵਿੰਟਲ ਘੱਟੋ ਘੱਟ ਸਮਰਥਨ ਮੁੱਲ ਦਾ ਅਲਾਨ ਕੀਤਾ ਹੈ। ਉਨ੍ਹਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਾਲਾਂ ਦੀਆਂ 450 ਮਿੰਨੀ ਕਿਟ ਕਿਸਮ ਆਈ.ਪੀ.ਐਮ 410-3 ਪ੍ਰਾਪਤ ਹੋ ਚੁੱਕੀਆਂ ਹਨ, ਜਿਨ੍ਹਾਂ ਦੀ ਬਲਾਕਵਾਰ ਵੰਡ ਕੀਤੀ ਜਾ ਚੁੱਕੀ ਹੈ ਅਤੇ ਲਾਭਪਾਤਰ ਕਿਸਾਨਾਂ ਨੂੰ ਸਬੰਧਤ ਬਲਾਕਾਂ ਰਾਹੀਂ ਕਿਸਾਨਾਂ ਦੇ ਖੇਤਾਂ ਵਿੱਚ ਜਾਕੇ ਜੀਓ ਟੈਗਿੰਗ ਰਾਹੀਂ ਇਹ ਮਿੰਨੀ ਕਿਟਾਂ ਬਿਜਵਾਈਆਂ ਜਾਣਗੀਆਂ ਤਾਂ ਜ਼ੋ ਵੱਧ ਤੋ ਵੱਧ ਕਿਸਾਨਾਂ ਨੂੰ ਦਾਲਾਂ ਦੀ ਕਾਸ਼ਤ ਕਰਨ ਸਬੰਧੀ ਉਤਸਾਹਿਤ ਕੀਤਾ ਜਾ ਸਕੇ।
ਕਿਸਾਨਾਂ ਨੂੰ ਜਾਣਕਾਰੀ ਦਿੰਦੇ ਵਿਭਾਗ ਦੇ ਅਧਿਕਾਰੀ।