23 ਦੀ ਰੈਲੀ ਹੋਵੇਗੀ ਇਤਿਹਾਸਕ :ਢੀਂਡਸਾ
ਸਿਧਾਂਤਾਂ ਤੋਂ ਭਟਕੇ ਅਕਾਲੀ ਦਲ ਨੂੰ ਜਗਾਉਣ ਲੱਗੇ ਹਾਂ: ਪਰਮਿੰਦਰ ਢੀਂਡਸਾ

ਭਵਾਨੀਗੜ, 14 ਫਰਵਰੀ (ਗੁਰਵਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਢੀਂਡਸਾ ਪਰਿਵਾਰ ਵੱਲੋਂ ਸੰਗਰੂਰ ਵਿਖੇ 23 ਫਰਵਰੀ ਨੂੰ ਕੀਤੀ ਜਾ ਰਹੀ ਰੈਲੀ ਦੇ ਵਿੱਚ ਵੱਧ ਤੋਂ ਵੱਧ ਇਕੱਠ ਕਰਨ ਲਈ ਇਲਾਕੇ 'ਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਵਿਧਾਨ ਸਭਾ ਹਲਕਾ ਲਹਿਰਾ ਤੋਂ ਵਿਧਾਇਕ ਤੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬਲਾਕ ਦੇ ਪਿੰਡ ਭੱਟੀਵਾਲ ਕਲਾਂ ਵਿੱਚ ਲੋਕਾਂ ਨੂੰ ਰੈਲੀ 'ਚ ਭਾਗ ਲੈਣ ਲਈ ਲਾਮਬੰਦ ਕੀਤਾ। ਇਸ ਮੌਕੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਲੋਕ ਅਤੇ ਪਾਰਟੀ ਵਰਕਰ ਵੀ ਹੁਣ ਅਕਾਲੀ ਦਲ ਦੀ ਸੋਚ ਅਤੇ ਅਗਵਾਈ ਵਿੱਚ ਬਦਲਾਅ ਚਾਹੁੰਦੇ ਹਨ। ਉਨ੍ਹਾਂ ਸੁਖਬੀਰ ਬਾਦਲ ਦਾ ਨਾਮ ਲਏ ਵਗੈਰ ਆਖਿਆ ਕਿ ਪੁਰਾਣੀ ਲੀਡਰਸ਼ਿਪ ਲੋਕਾਂ ਨੂੰ ਮਨਜ਼ੂਰ ਨਹੀਂ ਇਸ ਲਈ ਹੁਣ ਪਾਰਟੀ 'ਚ ਤਾਨਾਸ਼ਾਹ ਰਵੱਈਆ ਅਪਣਾਉਣ ਵਾਲੇ ਲੋਕਾਂ ਨੂੰ ਲਾਂਭੇ ਹੋਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਕਿਸ ਵੀ ਸੰਸਥਾ ਜਾਂ ਪਾਰਟੀ ਦੀ ਹੋੰਦ ਅਪਣੇ ਉਸਦੇ ਵਿਚਾਰਾਂ ਤੇ ਸਿਧਾਂਤਾ ਕਰਕੇ ਹੁੰਦੀ ਹੈ ਅਤੇ ਅਕਾਲੀ ਦਲ ਅਪਣੇ ਬੁਨਿਆਦੀ ਮੂਲ ਵਿਚਾਰਧਾਰਾ ਤੇ ਸਿਧਾਂਤਾ ਨੂੰ ਪੂਰੀ ਤਰ੍ਹਾਂ ਨਾਲ ਵਿਸਾਰ ਚੁੱਕਿਆ ਹੈ। ਜਿਸ ਕਰਕੇ ਢੀਂਡਸਾ ਪਰਿਵਾਰ ਜਾਗਦੀ ਜਮੀਰ ਵਾਲੇ ਜੁਝਾਰੂ ਲੋਕਾਂ ਨੂੰ ਨਾਲ ਲੈ ਕੇ ਅਕਾਲੀ ਦਲ ਦੀ ਆਤਮਾ ਨੂੰ ਜਗਾਉਣ ਲੱਗਿਆ ਹੋਇਆ ਹੈ ਤਾਂ ਜੋ ਅਕਾਲੀ ਦਲ ਮੁੜ ਲੋਕਾਂ 'ਚ ਸਥਾਪਤ ਹੋ ਸਕੇ। ਟਕਸਾਲੀ ਆਗੂ ਰਤਨ ਸਿੰਘ ਅਜਨਾਲਾ ਦਾ ਮੁੜ ਅਕਾਲੀ ਦਲ 'ਚ ਜਾਣ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ 'ਚ ਢੀਂਡਸਾ ਨੇ ਕਿਹਾ ਕਿ ਕਿਸੇ ਅਹੁਦੇ ਜਾਂ ਲਾਲਚ 'ਚ ਆ ਕੇ ਅਸੀਂ ਅਪਣੀ ਸਿਧਾਂਤਕ ਸੋਚ ਨਾਲ ਕਦੀ ਵੀ ਸਮਝਾਉਤਾ ਨਹੀਂ ਕਰਾਂਗੇ ਤੇ ਅਪਣੀ ਲੜਾਈ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ 23 ਫਰਵਰੀ ਨੂੰ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ ਤੇ ਇੱਥੇ ਆ ਕੇ ਦਮਗਜੇ ਮਾਰਨ ਵਾਲਿਆਂ ਦੀਆਂ ਅੱਖਾਂ ਖੋਲ ਦੇਵੇਗੀ। ਢੀਂਡਸਾ ਨੇ ਦਾਅਵਾ ਕੀਤਾ ਕਿ ਰੇਲੀ ਸਬੰਧੀ ਉਨ੍ਹਾਂ ਲੋਕਾਂ ਦਾ ਪੂਰਾ ਸਹਿਯੋਗ ਤੇ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਸਾਬਕਾ ਗੁਰਬਚਨ ਸਿੰਘ ਬਚੀ ਸਾਬਕਾ ਏਅੈਮ ਪਾਰਵਰਕਾਮ, ਗੁਰਤੇਜ ਸਿੰਘ ਝਨੇੜੀ, ਨਿਹਾਲ ਸਿੰਘ ਨੰਦਗੜ, ਰਾਮ ਸਿੰਘ ਮੱਟਰਾਂ, ਮਿਸ਼ਰਾ ਸਿੰਘ, ਜਗਦੀਸ਼ ਬਲਿਆਲ, ਕੁਲਵਿੰਦਰ ਸਿੰਘ ਸਰਾਓ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਅਤੇ ਆਗੂ ਮੌਜੂਦ ਸਨ।