" />
ਗੁਰੂ ਤੇਗ ਬਹਾਦਰ ਕਾਲਜ ਵਿਖੇ ''ਉਸਾਰੀ" ਵਿਸ਼ੇ ਤੇ ਲੈਕਚਰ
ਗੁਰਬਾਣੀ ਨੂੰ ਵਿਚਾਰਨ ਬਾਰੇ ਵਿਸ਼ੇਸ਼ ਧਿਆਨ ਦੀ ਲੋੜ- ਪ੍ਰੋ. ਰਾਜਪਾਲ ਸਿੰਘ

ਭਵਾਨੀਗੜ੍ਹ 17 ਫਰਵਰੀ {ਗੁਰਵਿੰਦਰ ਸਿੰਘ}ਅੱਜ ਇੱਥੇ ਸਥਾਨਕ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿਖੇ ਬੱਡੀਜ਼ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਸਮਾਜਿਕ ਅਲਾਮਤਾਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਅੰਦਰ ਸਦਾਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ "ਸਿੱਖ ਹੈਲਪਿੰਗ ਸਿੱਖਜ" ਸੰਸਥਾ ਦੇ ਸਹਿਯੋਗ ਨਾਲ "ਅਜੋਕੀ ਨੌਜਵਾਨ ਪੀੜ੍ਹੀ ਦੀ ਸ਼ਖਸੀਅਤ ਉਸਾਰੀ : ਸਦਾਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਪ੍ਰਸੰਗ' ਚ" ਵਿਸ਼ੇ ਉੱਤੇ ਉੱਘੇ ਵਿਦਵਾਨ ਪ੍ਰੋ ਰਾਜਪਾਲ ਸਿੰਘ ਅੰਮ੍ਰਿਤਸਰ ਜੀ ਦਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ, ਜਿਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਨ ਦੀ ਖੁਰਾਕ ਦੀ ਥਾਂ ਗੁਰਬਾਣੀ ਨੂੰ ਵਿਚਾਰਨ ਅਤੇ ਗੁਰਬਾਣੀ ਦੇ ਓਟ ਆਸਰੇ ਵਿੱਚ ਆਪਣੀ ਆਤਮਾ (ਰੂਹ) ਦੀ ਖੁਰਾਕ ਬਾਰੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਇਸ ਦੌਰਾਨ ਵਿਦਿਆਰਥੀਆਂ ਨੂੰ ਵਿਹਾਰਕ ਤੌਰ ਉੱਤੇ ਗੁਰਬਾਣੀ ਵਿੱਚੋਂ ਮਿਸਾਲਾਂ ਦੇ ਕੇ ਸਰੀਰ ਨੂੰ ਹਦਾਇਤਾਂ ਦੇਣ ਵਾਲੇ ਮਨ ਅਤੇ ਆਤਮਾ ਦੇ ਫਰਕ ਨੂੰ ਸਮਝਣ ਲਈ ਆਖਿਆ। ਉਨ੍ਹਾਂ ਕਿਹਾ ਕਿ ਆਤਮਾ ਸਾਡੇ ਜੀਵਨ ਦਾ ਮੂਲ ਆਧਾਰ ਹੈ ਅਤੇ ਸਾਡਾ ਸਮੁੱਚਾ ਜੀਵਨ ਵਿਹਾਰ ਆਤਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਣਾ ਚਾਹੀਦਾ ਹੈ, ਪਰ ਸਾਡੇ ਜੀਵਨ ਨੂੰ ਮਨ ਨੇ ਕੰਟਰੋਲ ਕੀਤਾ ਹੋਇਆ ਹੈ, ਜਿਸ ਕਰਕੇ ਅਸੀਂ ਸਦਾਚਾਰਕ ਜੀਵਨ ਵਿਹਾਰ ਦੇ ਉਲਟ ਮਨਮਰਜ਼ੀਆਂ ਕਰ ਰਹੇ ਹਾਂ ਅਤੇ ਅਨੇਕਾਂ ਕਿਸਮ ਦੀਆਂ ਸਮਾਜਿਕ ਅਲਾਮਤਾਂ ਦਾ ਸ਼ਿਕਾਰ ਹੋ ਰਹੇ ਹਾਂ। ਉਨ੍ਹਾਂ ਹੋਰ ਕਿਹਾ ਕਿ ਗੁਰਬਾਣੀ ਤੋਂ ਸੇਧ ਲੈ ਕੇ ਅਸੀਂ ਆਪਣੇ ਮਨ ਉੱਤੇ ਜਿੱਤ ਪਾ ਸਕਦੇ ਹਾਂ ਅਤੇ ਅਜੋਕੀਆਂ ਵੱਖ ਵੱਖ ਸਮੱਸਿਆਵਾਂ ਤੋਂ ਨਿਜਾਤ ਪਾ ਸਕਦੇ ਹਾਂ। ਇਸ ਮੌਕੇ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਸਹਿਜ ਪਾਠ ਲਹਿਰ ਨਾਲ ਜੋੜਨ ਅਤੇ ਸੰਸਥਾ ਵੱਲੋਂ ਮੁਫਤ ਪੋਥੀ ਸਾਹਿਬ ਮੁਹੱਈਆ ਕਰਵਾਉਣ ਲਈ ਰਜਿਸਟ੍ਰੇਸ਼ਨ ਵੀ ਕਰਵਾਈ ਗਈ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਮੈਡਮ ਪਦਮਪ੍ਰੀਤ ਕੌਰ ਘੁਮਾਣ ਨੇ ਆਏ ਹੋਏ ਸਮੂਹ ਮਹਿਮਾਨਾਂ ਦਾ ਰਸਮੀ ਤੌਰ ਉੱਤੇ ਧੰਨਵਾਦ ਕੀਤਾ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਹਿਜ ਪਾਠ ਲਹਿਰ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਸਿੱਖ ਹੈਲਪਿੰਗ ਸਿੱਖਜ ਸੰਸਥਾ ਦੇ ਸਮਾਜ ਸੇਵੀ ਮੈਂਬਰ ਅਮਨਦੀਪ ਸਿੰਘ, ਬੱਡੀਜ਼ ਪ੍ਰੋਗਰਾਮ ਦੇ ਨੋਡਲ ਅਫਸਰ, ਸੀਨੀਅਰ ਬੱਡੀਜ਼, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਬੱਡੀਜ਼ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।