ਭਵਾਨੀਗੜ੍ਹ, 18 ਫਰਵਰੀ (ਗੁਰਵਿੰਦਰ ਸਿੰਘ): ਸਾਈਕਲ ਤੇ ਵੱਖ ਵੱਖ ਤੀਰਥ ਸਥਾਨਾਂ ਦੀ ਯਾਤਰਾ ਕਰਨ ਵਾਲੇ ਬਠਿੰਡਾ ਨਿਵਾਸੀ ਰਾਜਿੰਦਰ ਗੁਪਤਾ ਇਲਾਹਾਬਾਦ (ਪ੍ਰਯਾਗ ਰਾਜ ਸੰਗਮ) ਤੋਂ ਗੰਗਾ ਜਲ ਲੈ ਕੇ ਮਹਾਸ਼ਿਵਰਾਤਰੀ ਮੌਕੇ ਬਠਿੰਡਾ ਪਹੁੰਚਣਗੇ। ਮੰਗਲਵਾਰ ਨੂੰ ਭਵਾਨੀਗੜ ਪਹੁੰਚੇ ਸ਼੍ਰੀ ਗੁਪਤਾ ਨੇ ਦੱਸਿਆ ਕਿ ਉਹ 30 ਸਾਲਾਂ ਤੋਂ ਲਗਾਤਾਰ ਸਾਈਕਲ 'ਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਰਹੇ ਹਨ ਉਨ੍ਹਾਂ ਨੇ ਹੁਣ ਤੱਕ 127 ਵਾਰ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਸਮੇਤ ਦੁਆਰਕਾ ਜੀ, ਕਰਨੀ ਮਾਤਾ, ਸ੍ਰੀ ਕ੍ਰਿਸ਼ਨ ਧਾਮ, ਮਥੁਰਾ ਵਰਿੰਦਾਵਨ, ਗੋਕੁੱਲ ਧਾਮ, ਜਵਾਲਾ ਜੀ, ਕਾਂਗੜਾ ਦੇਵੀ, ਮਾਤਾ ਚਿੰਤਾਪੂਰਣੀ, ਮਾਤਾ ਨੈਣਾ ਦੇਵੀ, ਮਨਸਾ ਦੇਵੀ ਅਤੇ ਅਮਰਨਾਥ ਧਾਮ ਦੇ ਕਈ ਵਾਰ ਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਹੁਣ ਤੱਕ 5 ਲੱਖ 70 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਦੀ ਯਾਤਰਾ ਕਰ ਚੁੱਕੇ ਹਨ ਤੇ ਯਾਤਰਾ ਦੌਰਾਨ ਉਹ ਲੋਕਾਂ ਨੂੰ ਆਪਸੀ ਭਾਈਚਾਰੇ, ਸ਼ਾਂਤੀ ਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ। 21 ਫਰਵਰੀ ਨੂੰ ਮਹਾਸ਼ਿਵਰਾਤਰੀ 'ਤੇ ਜਲ ਅਭਿਸ਼ੇਕ ਕਰਨ ਤੋਂ ਬਾਅਦ ਉਹ ਸਾਇਕਲ 'ਤੇ ਅਮਰਨਾਥ ਧਾਮ ਲਈ ਰਵਾਨਾ ਹੋਣਗੇ। ਰਾਜਿੰਦਰ ਗੁਪਤਾ ਨੇ ਦੱਸਿਆ ਕਿ ਸਾਇਕਲ 'ਤੇ ਲਗਾਤਾਰ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਦਾ ਉਨ੍ਹਾਂ ਦਾ ਸਿਲਸਿਲਾ ਜਾਰੀ ਰਹੇਗਾ। ਪ੍ਰਮਾਤਮਾ ਦੀ ਪ੍ਰੇਰਨਾ ਨਾਲ ਹੀ ਉਨ੍ਹਾਂ ਵਿੱਚ ਹੌਸਲਾ ਆਉੰਦਾ ਹੈ ਤੇ ਯਾਤਰਾ ਦੌਰਾਨ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਝੱਲਣੀ ਪੈੰਦੀ। ਲੋਕ ਵੀ ਉਨ੍ਹਾਂ ਨੂੰ ਪੂਰਾ ਸਨਮਾਨ ਤੇ ਪਿਆਰ ਦਿੰਦੇ ਹਨ।
ਭਵਾਨੀਗੜ ਪਹੁੰਚੇ ਰਾਜਿੰਦਰ ਗੁਪਤਾ।