ਭਵਾਨੀਗੜ੍ਹ, 20 ਫਰਵਰੀ {ਗੁਰਵਿੰਦਰ ਸਿੰਘ}: ਆਸ਼ਾ ਵਰਕਰਜ਼ ਅਤੇ ਫੈਸਲਿਟੇਟਰਜ਼ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ ਰਾਣੋ ਖੇੜੀ ਗਿੱਲਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੰਜਾਬ ਸਰਕਾਰ ਖਿਲਾਫ 24 ਫਰਵਰੀ ਨੂੰ ਮੁਹਾਲੀ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਜਾਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ 'ਚ ਬੋਲਦਿਆਂ ਪੁਸ਼ਪਾ ਡੇਹਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਆਸ਼ਾ ਵਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ 2008 ਤੋਂ ਲੈ ਕੇ ਆਸ਼ਾ ਵਰਕਰਾਂ ਨੇ ਜੱਚਾ ਬੱਚਾ ਦੀ ਮੌਤ ਦਰ ਘਟਾ ਕੇ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਕੀਤਾ ਪਰ ਪੂਰੀ ਮਿਹਨਤ ਕਰਨ ਦੇ ਬਾਵਜੂਦ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਰਹਿੰਦੇ ਹਨ। ਯੂਨੀਅਨ ਵੱਲੋਂ ਸਮੇਂ ਸਮੇਂ 'ਤੇ ਮੰਗ ਪੱਤਰ ਦੇ ਕੇ ਆਪਣੀਆਂ ਮੰਗਾਂ ਪ੍ਰਤੀ ਸਰਕਾਰ ਨੂੰ ਚੇਤੇ ਕਰਵਾਇਆ ਗਿਆ ਪਰ ਲਾਰਿਆਂ ਤੋਂ ਬਿਨ੍ਹਾਂ ਉਨ੍ਹਾਂ ਨੂੰ ਕੁਝ ਵੀ ਨਹੀਂ ਹਾਸਲ ਹੋਇਆ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਤਿੱਖੇ ਸੰਘਰਸ਼ ਕੀਤੇ ਜਾਣਗੇ। ਇਸ ਮੌਕੇ ਸਿਮਰਨ ਕੌਰ, ਰਾਜਵਿੰਦਰ ਭੱਟੀਵਾਲ, ਸੰਦੀਪ ਕੌਰ ਚੰਨੋਂ, ਕਿਰਨਾ ਰਾਣੀ ਨਦਾਮਪੁਰ, ਸਰਬਜੀਤ ਕੌਰ ਡੇਹਲੇਵਾਲ ਸਮੇਤ ਭਾਰੀ ਵੱਡੀ ਗਿਣਤੀ ਵਿੱਚ ਆਸ਼ਾ ਵਰਕਰ ਹਾਜ਼ਰ ਸਨ।
ਮੀਟਿੰਗ ਦੌਰਾਨ ਹਾਜ਼ਰ ਆਸ਼ਾ ਵਰਕਰ।