ਭਵਾਨੀਗੜ੍ਹ, 28 ਫਰਵਰੀ (ਗੁਰਵਿੰਦਰ ਸਿੰਘ): ਬਲਾਕ ਸੰਮਤੀ ਦਫਤਰ ਭਵਾਨੀਗੜ ਵਿਖੇ ਸ਼ੁੱਕਰਵਾਰ ਨੂੰ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਸਥਾਨਕ ਟਰੱਕ ਯੂਨੀਅਨ ਦੀਆਂ ਦੋ ਧਿਰਾਂ ਵਿਚਕਾਰ ਤੂੰ ਤੂੰ ਮੈਂ ਮੈਂ ਹੋਣ ਤੋਂ ਬਾਅਦ ਨੌਬਤ ਹੱਥੋਂ ਪਾਈ ਤੱਕ ਜਾ ਪਹੁੰਚੀ ਤੇ ਇਸ ਧੱਕਾਮੁੱਕੀ ਦੌਰਾਨ ਇਕ ਟਰੱਕ ਅਪ੍ਰੇਟਰ ਦੀ ਪੱਗ ਵੀ ਲੱਥ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਦੋਵੇਂ ਧਿਰਾਂ ਨੂੰ ਤਿੱਤਰ ਬਿੱਤਰ ਕਰਕੇ ਮਾਮਲੇ ਨੂੰ ਸ਼ਾਂਤ ਕੀਤਾ। ਇਸ ਸਬੰਧੀ ਵਿਪਨ ਸ਼ਰਮਾਂ, ਰਣਜੀਤ ਸਿੰਘ ਤੂਰ, ਸੁਖਜਿੰਦਰ ਸਿੰਘ ਬਿੱਟੂ ਅਤੇ ਹਰਜੀਤ ਸਿੰਘ ਬੀਟਾ (ਸਾਰੇ ਸਾਬਕਾ ਪ੍ਰਧਾਨ ਟਰੱਕ ਯੂਨੀਅਨ) ਨੇ ਕਿਹਾ ਕਿ ਪਿਛਲੇ ਦਿਨੀਂ ਟਰੱਕ ਆਪ੍ਰੇਟਰਾਂ ਦੀ ਬਹੁਗਿਣਤੀ ਸੁਖਜਿੰਦਰ ਸਿੰਘ ਬਿੱਟੂ ਦੇ ਨਾਲ ਹੋਣ ਦੇ ਬਾਵਜੂਦ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਦੇ ਆਦੇਸ਼ਾਂ 'ਤੇ ਫੁੱਲ ਚੜਾਉਦੇ ਹੋਏ ਜਗਮੀਤ ਸਿੰਘ ਭੋਲਾ ਬਲਿਆਲ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਸਵਿਕਾਰ ਕਰ ਲਿਆ ਪਰੰਤੂ ਹੁਣ ਨਵੇਂ ਪ੍ਰਧਾਨ ਵੱਲੋਂ ਉਨ੍ਹਾਂ ਸਮੇਤ ਉਨ੍ਹਾਂ ਦੇ ਹਮਾਇਤੀ ਟਰੱਕ ਆਪ੍ਰੇਟਰਾਂ ਨਾਲ ਸਰੇਆਮ ਵਿਤਕਰਾ ਕੀਤਾ ਜਾ ਰਿਹਾ ਹੈ। ਜਿਸ ਬਾਰੇ ਉਨ੍ਹਾਂ ਵਲੋਂ ਕੈਬਨਿਟ ਮੰਤਰੀ ਸਿੰਗਲਾ ਨੂੰ ਵੀ ਜਾਣੂ ਕਰਵਾਇਆ ਜਾ ਚੁੱਕਾ ਹੈ। ਅੱਜ ਜਦੋਂ ਬਲਾਕ ਸੰਮਤੀ ਦਫਤਰ ਵਿਖੇ ਮੀਟਿੰਗ ਕਰਨ ਪਹੁੰਚੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਨੂੰ ਉਹ ਮਿਲਣ ਲਈ ਉੱਥੇ ਗਏ ਤਾਂ ਮੌਜੂਦਾ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ ਦੀ ਧਿਰ ਦੇ ਕੁਝ ਆਗੂਆਂ ਨੇ ਸਾਨੂੰ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਜਿਸ ਦੌਰਾਨ ਦੋਵੇਂ ਧਿਰਾਂ 'ਚ ਹੱਥੋਂ ਪਾਈ ਹੋ ਗਈ। ਓਧਰ ਦੂਜੇ ਪਾਸੇ ਮੌਜੂਦਾ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ ਨੇ ਕਿਹਾ ਕਿ ਪ੍ਰਧਾਨ ਬਣਨ ਉਪਰੰਤ ਉਹ ਅਪਣਾ ਕੰਮ ਪੂਰੀ ਇਮਾਨਦਾਰ ਤੇ ਲਗਨ ਨਾਲ ਕਰ ਰਹੇ ਹਨ ਜਿਸ ਨੂੰ ਵਿਰੋਧੀ ਸਹਿਣ ਨਹੀਂ ਕਰ ਰਹੇ ਅਤੇ ਅੱਜ ਪੰਚਾਇਤੀ ਨੁਮਾਇੰਦਿਆਂ ਦੀ ਰੱਖੀ ਇੱਕ ਮੀਟਿੰਗ ਦੌਰਾਨ ਆਏ ਸਾਡੇ ਟਰੱਕ ਅਪਰੇਟਰ ਅਤੇ ਪਿੰਡ ਬਾਸੀਅਰਖ਼ ਦੇ ਸਰਪੰਚ ਕੇਵਲ ਸਿੰਘ ਨਾਲ ਉਕਤ ਵਿਅਕਤਅ ਨੇ ਧੱਕਾ ਮੁੱਕੀ ਕਰਦਿਆਂ ਉਸਦੀ ਪੱਗ ਲਾਹ ਦਿੱਤੀ। ਭੋਲਾ ਨੇ ਕਿਹਾ ਕਿ ਉਹ ਇਸ ਸਬੰਧੀ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਕਰਕੇ ਇਨਸਾਫ਼ ਦੀ ਮੰਗ ਕਰਨਗੇ।
ਦੋਵਾਂ ਧਿਰਾਂ ਨੂੰ ਸ਼ਾਤ ਕਰਵਾਉਂਦੀ ਪੁਲਸ।