ਭਵਾਨੀਗੜ, 29 ਫਰਵਰੀ (ਗੁਰਵਿੰਦਰ ਸਿੰਘ): ਇੱਥੇ ਸੰਗਰੂਰ-ਪਟਿਆਲਾ ਮੁੱਖ ਸੜਕ 'ਤੇ ਪਿੰਡ ਘਾਬਦਾ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਇਕਲ ਸਵਾਰ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਸਬੰਧੀ ਪੁਲਸ ਨੇ ਕਾਰ ਅਤੇ ਟਰੈਕਟਰ ਟਰਾਲੀ ਦੇ ਚਾਲਕਾਂ ਖਿਲਾਫ਼ ਪਰਚਾ ਦਰਜ ਕੀਤਾ। ਪੁਲਸ ਨੂੰ ਹਾਦਸੇ ਸਬੰਧੀ ਅਨਿਲ ਕੁਮਾਰ ਵਾਸੀ ਸੰਗਰੂਰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਸਦਾ ਪਿਤਾ ਸੱਤਪਾਲ (52) ਮੋਟਰਸਾਇਕਲ 'ਤੇ ਪਟਿਆਲਾ ਤੋਂ ਸੰਗਰੂਰ ਵੱਲ ਆ ਰਿਹਾ ਸੀ ਤੇ ਇਸ ਦੌਰਾਨ ਮੁੱਖ ਸੜਕ 'ਤੇ ਪਿੰਡ ਘਾਬਦਾ ਨੇੜੇ ਜਦੋਂ ਉਸਦਾ ਪਿਤਾ ਅੱਗੇ ਜਾ ਰਹੇ ਟਰੈਕਟਰ-ਟਰਾਲੀ ਨੂੰ ਕ੍ਰਾਸ ਕਰਨ ਲੱਗਾ ਤਾਂ ਇਸ ਦੌਰਾਨ ਸੰਗਰੂਰ ਵੱਲੋਂ ਆ ਰਹੀ ਇੱਕ ਸਵਿਫਟ ਕਾਰ ਨਾਲ ਉਸਦੀ ਟੱਕਰ ਹੋ ਗਈ। ਜਿਸ ਕਰਕੇ ਉਸਦਾ ਪਿਤਾ ਮੋਟਰਸਾਇਕਲ ਸਮੇਤ ਸੜਕ 'ਤੇ ਡਿੱਗ ਪਿਆ ਅਤੇ ਟਰੈਕਟਰ ਦੀ ਲਪੇਟ 'ਚ ਆ ਜਾਣ ਕਾਰਣ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਸਬੰਧੀ ਕਾਰਵਾਈ ਕਰ ਰਹੇ ਥਾਣਾ ਸਦਰ ਸੰਗਰੂਰ ਦੇ ਏ.ਅਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੱਤਪਾਲ ਦੇ ਲੜਕੇ ਅਨਿਲ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਕਾਰ ਚਾਲਕ ਗੁਰਪ੍ਰੀਤ ਸਿੰਘ ਵਾਸੀ ਸੰਗਰੂਰ ਸਮੇਤ ਟਰੈਕਟਰ ਚਾਲਕ ਅਮਰੀਕ ਦਾਸ ਵਾਸੀ ਰਟੋਲਾਂ ਵਿਰੁੱਧ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।