ਭਵਾਨੀਗੜ੍ਹ, 04 ਮਾਰਚ (ਗੁਰਵਿੰਦਰ ਸਿੰਘ): ਨੇੜਲੇ ਪਿੰਡ ਬਾਲਦ ਖ਼ੁਰਦ ਦੇ ਵੱਡੀ ਗਿਣਤੀ 'ਚ ਲੋਕਾਂ ਨੇ ਅੱਜ ਗੁਰਦੁਆਰਾ ਪ੍ਰਮੇਸ਼ਰ ਦੁਆਰ ਦੇ ਮੁਖੀ ਤੇ ਪ੍ਰਸਿੱਧ ਸਿਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਸਮਰਥਨ ਕਰਨ ਦਾ ਐਲਾਨ ਕਰਦਿਆਂ ਉਨ੍ਹਾਂ ਨਾਲ ਖੜ੍ਹਨ ਦਾ ਫੈਸਲਾ ਲਿਆ ਹੈ।ਇਸ ਮੌਕੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਹੱਕ ਵਿੱਚ ਆਏ ਸੁਖਮਨ ਸਿੰਘ, ਬੁੱਧ ਸਿੰਘ ਬਾਲਦ ਖੁਰਦ, ਬਹਾਦਰ ਸਿੰਘ, ਅਜੈਬ ਸਿੰਘ ਆਦਿ ਨੇ ਦੱਸਿਆ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਪਿਛਲੇ ਕੁਝ ਸਾਲਾਂ ਤੋਂ ਨਿਰੋਲ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ, ਜਦਕਿ ਉਨ੍ਹਾਂ ਦੇ ਪ੍ਰਚਾਰ ਤੋਂ ਪੁਜਾਰੀਵਾਦ ਅਤੇ ਸੰਪ੍ਰਦਾਈਆਂ ਨੂੰ ਤਕਲੀਫ਼ ਹੋ ਰਹੀ ਹੈ। ਧਰਮ ਦੀ ਆੜ ਹੇਠ ਧੰਦਾ ਕਰਨ ਵਾਲਾ ਪੁਜਾਰੀ ਲਾਣਾ ਢੱਡਰੀਆਂ ਵਾਲੇ ਦੇ ਦੀਵਾਨ ਰੋਕਣ ਤੇ ਉਤਾਰੂ ਹੋ ਰਿਹਾ ਹੈ, ਜਦੋਂਕਿ ਦੇਸ਼ ਦੇ ਸੰਵਿਧਾਨ ਮੁਤਾਬਕ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਜਾ ਕਹਿਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਨੇ ਆਪਣੇ ਅਗਲੇ 6 ਮਹੀਨੇ ਦੇ ਦੀਵਾਨ ਰੱਦ ਕਰ ਦਿੱਤੇ ਹਨ, ਜਿਨ੍ਹਾਂ ਦੀਆਂ ਤਿਆਰੀਆਂ ਸੰਗਤਾਂ ਵੱਲੋਂ ਆਰੰਭ ਕਰ ਦਿੱਤੀਆਂ ਗਈਆਂ ਸਨ ਇਸ ਕਰਕੇ ਪੁਜਾਰੀਆਂ ਅਤੇ ਟਕਸਾਲੀਆਂ ਦੀ ਗੁੰਡਾਗਰਦੀ ਪ੍ਰਤੀ ਸੰਗਤਾਂ 'ਚ ਭਾਰੀ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸਮੁੱਚੀਆਂ ਸੰਗਤਾਂ ਸਾਹਮਣੇ ਟੀਵੀ 'ਤੇ ਸਵਾਲ ਜਵਾਬ ਕਰਨ ਦਾ ਜਥੇਦਾਰਾਂ ਤੇ ਟਕਸਾਲੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਸੀ, ਜਦ ਕਿ ਹੁਣ ਉਹ ਲੋਕ ਵਿਚਾਰ ਕਰਨ ਤੋਂ ਭੱਜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੀ ਸਮੁੱਚੀ ਸੰਗਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਲਏ ਗਏ ਫੈਸਲੇ ਨਾਲ ਖੜ੍ਹੀ ਹੈ ਅਤੇ ਮੰਗ ਕਰਦੀ ਹੈ ਕਿ ਧਰਮ ਦੀ ਆੜ ਹੇਠ ਗੁੰਡਾਗਰਦੀ ਕਰਨ ਵਾਲਿਆਂ 'ਤੇ ਨਕੇਲ ਕੱਸੀ ਜਾਵੇ। ਇਸ ਮੌਕੇ ਹੋਰਨਾਂ ਤੋ ਇਲਾਵਾ ਨਿਰਮਲ ਸਿੰਘ ਜੱਜ, ਸਰੂਪ ਸਿੰਘ, ਰਣਜੀਤ ਸਿੰਘ, ਬਲਦੇਵ ਸਿੰਘ ਨੰਬਰਦਾਰ, ਜੈ ਸਿੰਘ, ਨਾਹਰ ਸਿੰਘ, ਜਾਗ ਸਿੰਘ, ਦਰਸ਼ਨ ਸਿੰਘ, ਹਰਮੇਸ਼ ਪਾਲ ਸ਼ਰਮਾ, ਹਰੀ ਸਿੰਘ, ਸੁਰਜੀਤ ਸਿੰਘ, ਪਾਲ ਪੰਡਤ ਤੇ ਪਿੰਡ ਦੇ ਲੋਕ ਹਾਜ਼ਰ ਸਨ।
ਢੱਡਰੀਆਂ ਵਾਲਿਆਂ ਦੇ ਹੱਕ 'ਚ ਮੀਟਿੰਗ ਕਰਦੇ ਲੋਕ।