ਭਵਾਨੀਗੜ, 9 ਮਾਰਚ (ਗੁਰਵਿੰਦਰ ਸਿੰਘ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਲੋਕਾਂ ਨੂੰ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਰਾਹੀਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਪੁੱਜਦਾ ਕਰਨ ਲਈ ਬਲਾਕ ਦੇ ਪਿੰਡ ਪੰਨਵਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਬੈਕਫਿੰਕੋ ਪੰਜਾਬ ਦੇ ਵਾਈਸ ਚੇਅਰਮੈਨ ਮੁਹੰਮਦ ਗੁਲਾਬ ਨੇ ਖ਼ਾਸ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਕਾਰਪੋਰੇਸ਼ਨ ਵਲੋਂ ਐਨ.ਬੀ.ਸੀ.ਐਫ.ਡੀ.ਸੀ ਸਕੀਮ ਅਧੀਨ 29 ਫਰਵਰੀ 2020 ਤੱਕ ਵੱਖ-ਵੱਖ ਸਕੀਮਾਂ ਤਹਿਤ 7918 ਲਾਭਪਾਤਰੀਆਂ ਨੂੰ 6555.14 ਲੱਖ ਰੁਪਏ ਦੀ ਰਕਮ ਵੰਡੀ ਜਾ ਚੁੱਕੀ ਹੈ। ਸ੍ਰੀ ਮੁਹੰਮਦ ਗੁਲਾਬ ਨੇ ਦੱਸਿਆ ਕਿ ਬੈਕਫਿੰਕੋ ਸਾਲ 2019-20 ਦੌਰਾਨ ਐਨ.ਬੀ.ਸੀ. ਸਕੀਮ ਅਧੀਨ 584 ਲਾਭਪਾਤਰੀਆਂ ਨੂੰ 741 ਲੱਖ ਰੁਪਏ ਕਰਜ਼ਾ ਵੰਡਣ ਦਾ ਟੀਚਾ ਨਿਸ਼ਚਿਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਟੀਚੇ ਦੇ ਵਿਰੁੱਧ 29 ਫਰਵਰੀ 2020 ਤੱਕ 305 ਲਾਭਪਾਤਰੀਆਂ ਨੂੰ 522.17 ਲੱਖ ਰੁਪਏ ਦੇ ਕਰਜ਼ੇ ਵੰਡੇ ਜਾ ਚੱਕੇ ਹਨ। ਉਨਾਂ ਦੱਸਿਆ ਕਿ ਜ਼ਿਲਾ ਸੰਗਰੂਰ ਵਿਖੇ ਚਾਲੂ ਵਿੱਤੀ ਸਾਲ ਦੌਰਾਨ ਹੁਣ ਤੱਕ ਪੱਛੜੀਆਂ ਸ਼੍ਰੇਣੀਆਂ ਦੇ 16 ਲਾਭਪਾਤਰੀਆਂ ਨੂੰ 33.06 ਲੱਖ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨਾਂ ਇਹ ਵੀ ਦੱਸਿਆ ਕਿ ਇਸ ਕੈਂਪ ’ਚ ਵੀ ਵੱਡੀ ਗਿਣਤੀ ਵਿਚ ਪੁੱਜ ਕੇ ਲੋਕਾਂ ਵੱਲੋਂ ਕਾਰਪੋਰੇਸ਼ਨ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਫਾਰਮ ਭਰੇ ਗਏ ਹਨ। ਸ੍ਰੀ ਮੁਹੰਮਦ ਗੁਲਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੈਕਫਿੰਕੋ ਦੀ ਸਥਾਪਨਾ ਸਾਲ 1976 ’ਚ ਸੂਬੇ ਦੀਆਂ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦਾ ਅਰਥਿਕ ਮਿਆਰ ਉੱਚਾ ਚੁੱਕਣ ਲਈ ਕੀਤੀ ਸੀ। ਉਨਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਸਾਲ 1992 ’ਚ ਰਾਸ਼ਟਰੀ ਪੱਛੜੀਆਂ ਸ਼੍ਰੇਣੀਆਂ ਵਿੱਤ ਤੇ ਵਿਕਾਸ ਕਾਰਪੋਰੇਸ਼ਨ (ਐਨ.ਬੀ.ਸੀ.ਐਫ.ਡੀ.ਸੀ) ਦੀ ਸਥਾਪਨਾ ਕਰਨ ਉਪਰੰਤ ਬੈਕਫਿਕੋ ਨੂੰ ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਕਾਰਪੋਰੇਸ਼ਨ ਦੀਆਂ ਸਵੈ-ਰੁਜ਼ਗਾਰ ਸਕੀਮਾਂ ਨੂੰ ਰਾਜ ਵਿੱਚ ਲਾਗੂ ਕਰਨ ਲਈ ਨੋਡਲ ਏਜੰਸੀ ਬਣਾਇਆ ਗਿਆ। ਉਨਾਂ ਦੱਸਿਆ ਕਿ ਬੈਕਫਿੰਕੋ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਪੰਜਾਬ ਸਰਕਾਰ ਲਾਭਪਾਤਰੀਆਂ ਨੂੰ ਸਵੈ-ਰੋਜ਼ਗਾਰ ਸਥਾਪਤ ਕਰਨ ਲਈ 6 ਪ੍ਰਤੀਸ਼ਤ ਸਾਲਾਨਾ ਵਿਆਜ ਦਰ ’ਤੇ ਕਰਜ਼ੇ ਮੁਹੱਈਆ ਕਰ ਰਹੀ ਹੈ। ਉਨਾਂ ਦੱਸਿਆ ਕਿ ਇਨਾਂ ਸਕੀਮਾਂ ਦਾ ਲਾਭ ਲੈਣ ਲਈ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਲਈ ਉਮਰ ਹੱਦ 18 ਸਾਲ ਤੋਂ 55 ਸਾਲ ਤੱਕ ਹੈ ਅਤੇ ਸਾਲਾਨਾ ਆਮਦਨ ਪੇਂਡੂ ਇਲਾਕਿਆਂ ਅਤੇ ਸ਼ਹਿਰੀ ਇਲਾਕਿਆਂ ਲਈ 3 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਉਨਾਂ ਦੱਸਿਆ ਕਿ 50 ਪ੍ਰਤੀਸ਼ਤ ਕਰਜ਼ੇ ਪੱਛੜੀਆਂ ਸ਼੍ਰੇਣੀਆਂ ਦੇ ਉਨਾਂ ਬਿਨੈਕਾਰਾਂ ਲਈ ਰਾਖਵੇਂ ਰੱਖੇ ਜਾਂਦੇ ਹਨ ਜਿਨਾਂ ਦੀ ਸਾਲਾਨਾ ਪਰਿਵਾਰਕ ਆਮਦਨ 1,50,000 ਰੁਪਏ ਤੱਕ ਹੈ। ਉਨਾਂ ਦੱਸਿਆ ਕਿ ਨਿਗਮ ਵਲੋਂ ਪੱਛੜੀਆਂ ਸ਼੍ਰੇਣੀਆਂ ਲਈ ਐਜੂਕੇਸ਼ਨ ਲੋਨ ਸਕੀਮ ਤਹਿਤ ਵੀ 4 ਫੀਸਦ ਵਿਆਜ ਦਰ ’ਤੇ ਕਰਜ਼ੇ ਦਿੱਤੇ ਜਾਂਦੇ ਹਨ। ਅਤੇ ਲੜਕੀਆਂ ਲਈ ਵਿਆਜ ਦੀ ਦਰ 3.5 ਪ੍ਰਤੀਸ਼ਤ ਸਾਲਾਨਾ ਹੈ। ਇਸ ਮੌਕੇ ’ਤੇ ਚੇਅਰਮੈਨ ਬਲਾਕ ਸੰਮਤੀ ਭਵਾਨੀਗੜ ਵਰਿੰਦਰ ਪੰਨਵਾਂ, ਰਾਮਪਤੀ ਦੇਵੀ ਸਰਪੰਚ, ਸੈਕਟਰੀ ਸੰਜੀਵ ਕੁਮਾਰ, ਪ੍ਰੇਮ ਸਿੰਘ ਸਰਪੰਚ ਦਿਆਲਗੜ, ਦਰਸ਼ਨ ਸਿੰਘ ਅਤੇ ਬੈਕਫਿੰਕੋ ਵਲੋਂ ਲਾਗੂ ਕਰਤਾ ਅਫ਼ਸਰ ਸਤਵਿੰਦਰ ਸਿੰਘ, ਫੀਲਡ ਅਫ਼ਸਰ ਕੁਲਵੀਰ ਸਿੰਘ, ਜਗਦੀਪ ਸਿੰਘ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।