ਭਵਾਨੀਗੜ੍ਹ,11 ਮਾਰਚ (ਗੁਰਵਿੰਦਰ ਸਿੰਘ): ਇਤਿਹਾਸਕ ਕਸਬੇ ਦੇ ਮਾਹੀਆਂ ਪੱਤੀ ਚੌਕ ਵਿਖੇ ਪਿਛਲੇ ਕਈ ਦਿਨਾਂ ਤੋਂ ਖੜ੍ਹੇ ਗੰਦੇ ਪਾਣੀ ਤੋਂ ਦੁਖੀ ਹੋਏ ਲੋਕਾਂ ਵੱਲੋਂ ਨਗਰ ਕੌਂਸਲ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਲਵਿੰਦਰ ਸਿੰਘ ਸੱਗੂ, ਹਰਵਿੰਦਰ ਸਿੰਘ, ਰਣਜੀਤ ਸਿੰਘ, ਸੰਸਾਰ ਸਿੰਘ, ਗੁਰਚਰਨ ਸਿੰਘ, ਜਸਮੀਤ ਸਿੰਘ, ਭੋਲਾ ਨਾਥ, ਪੱਪੂ ਆਸ਼ਟਾ, ਸੁਖਵਿੰਦਰ ਸਿੰਘ, ਜਸਪ੍ਰੀਤ ਜੱਗੀ, ਸੁਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਮਾਹੀਆਂ ਪੱਤੀ ਚੌਕ ਵਿੱਚ ਖੜ੍ਹਦੇ ਪਾਣੀ ਦੇ ਨਿਕਾਸ ਦਾ ਕੋਈ ਵੀ ਉਚਿੱਤ ਪ੍ਰਬੰਧ ਨਹੀਂ ਕੀਤਾ ਗਿਆ। ਲੋਕਾਂ ਦਾ ਕਹਿਣਾ ਹੇ ਕਿ ਇਸ ਚੌਕ 'ਚ ਲੱਗੀਆਂ ਇੰਟਰਲਾਕ ਟਾਇਲਾਂ ਨੂੰ ਸਹੀ ਢੰਗ ਨਾਲ ਨਹੀਂ ਲਗਾਇਆ ਗਿਆ ਜਿਸ ਨਾਲ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਗਈ। ਲੋਕਾਂ ਨੇ ਦੱਸਿਆ ਕਿ ਇੱਥੇ ਇੰਟਰਲਾਕ ਟਾਇਲਾਂ ਪਹਿਲਾਂ ਵੀ ਪੱਟ ਕੇ ਲਗਾਈਆਂ ਗਈਆਂ ਸਨ ਫਿਰ ਵੀ ਅੱਜ ਤੱਕ ਨਿਕਾਸੀ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੋ ਸਕਿਆ। ਇਸ ਮੌਕੇ ਰੋਸ ਜਾਹਰ ਕਰ ਰਹੇ ਲੋਕਾਂ ਨੇ ਅਖਿਆ ਕਿ ਇਹ ਚੌਕ ਚਹਿਲਾਂ ਪੱਤੀ, ਮਾਹੀਆਂ ਪੱਤੀ, ਬਹਿਲਾਂ ਪੱਤੀ ਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਨੂੰ ਜਾਣ ਦੇ ਲਈ ਮੁੱਖ ਰਸਤਾ ਹੋਣ ਕਰਕੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਇੱਥੇ ਜਮਾਂ ਰਹਿੰਦੇ ਗੰਦੇ ਬਦਬੂ ਪਾਣੀ ਕਾਰਣ ਨੇੜਲੇ ਮੁਹੱਲਾ ਵਾਸੀਆਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ ਪਰੰਤੂ ਲੋਕਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਨਗਰ ਕੌਂਸਲ ਦੇ ਅਧਿਕਾਰੀ ਕੋਈ ਗੰਭੀਰਤਾ ਨਹੀਂ ਦਿਖਾ ਰਹੇ। ਲੋਕਾਂ ਨੇ ਮੰਗ ਕੀਤੀ ਕਿ ਉਕਤ ਸਮੱਸਿਆ ਦੇ ਨਿਪਟਾਰੇ ਲਈ ਨਗਰ ਕੌਂਸਲ ਜਲਦ ਕਦਮ ਚੁੱਕ ਕੇ ਪ੍ਰੇਸ਼ਾਨੀ ਝੱਲ ਰਹੇ ਲੋਕਾਂ ਨੂੰ ਰਾਹਤ ਦੇਵੇ।
ਨਗਰ ਕੌਂਸਲ ਵਿਰੁੱਧ ਨਾਅਰੇਬਾਜੀ ਕਰਦੇ ਲੋਕ।