ਭਵਾਨੀਗੜ, 19 ਮਾਰਚ (ਗੁਰਵਿੰਦਰ ਸਿੰਘ): ਆਰਥਿਕ ਤੰਗੀ ਕਾਰਣ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਚੱਲ ਰਹੇ ਪਿੰਡ ਬਲਿਆਲ ਦੇ ਇੱਕ ਗਰੀਬ ਮਜਦੂਰ ਵਿਅਕਤੀ ਨੇ ਗਲ ਫਾਹ ਲੈ ਕੇ ਅਪਣੀ ਜੀਵਨ ਲੀਲਾ ਖਤਮ ਕਰ ਲਈ। ਇਸ ਸਬੰਧੀ ਪਿੰਡ ਦੇ ਸਰਪੰਚ ਅਮਰੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੂਟਾ ਸਿੰਘ (45) ਪੁੱਤਰ ਦਲੀਪ ਸਿੰਘ ਵਾਸੀ ਬਲਿਆਲ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਤੇ ਦਿਹਾੜੀ ਦੱਪਾ ਕਰਕੇ ਬੜੀ ਮੁਸ਼ਕਿਲ ਨਾਲ ਅਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਆਰਥਿਕ ਤੌਰ 'ਤੇ ਤੰਗੀ ਦਾ ਸ਼ਿਕਾਰ ਹੋਣ ਕਰਕੇ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸੇ ਪ੍ਰੇਸ਼ਾਨੀ ਦੇ ਚੱਲਦਿਆ ਅੱਜ ਉਸਦੇ ਵੱਲੋਂ ਪਿੰਡ ਦੇ ਬਾਹਰ ਬਣੇ ਸ਼ਮਸ਼ਾਨ ਘਾਟ ਦੇ ਸ਼ੈੱਡ ਨਾਲ ਫਾਹ ਲੈ ਕੇ ਅਪਨੀ ਜਾਨ ਦੇ ਦਿੱਤੀ। ਮ੍ਰਿਤਕ ਅਪਣੇ ਪਰਿਵਾਰ ਵਿੱਚ ਵਿਧਵਾ ਪਤਨੀ ਤੋਂ ਇਲਾਵਾ ਦੋ ਲੜਕੀਆਂ ਤੇ ਇੱਕ ਲੜਕਾ ਪਿੱਛੇ ਛੱਡ ਗਿਆ। ਪਿੰਡ ਦੀ ਪੰਚਾਇਤ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਆਰਥਿਕ ਸਹਾਇਤ ਦੇਣ ਦੀ ਮੰਗ ਕੀਤੀ ਹੈ।
ਮ੍ਰਿਤਕ ਬੂਟਾ ਸਿੰਘ ਦੀ ਫਾਇਲ ਫੋਟੋ ।