ਭਵਾਨੀਗੜ, 21 ਮਾਰਚ (ਗੁਰਵਿੰਦਰ ਸਿੰਘ): ਪੋਲਟਰੀ ਫਾਰਮ ਉਦਯੋਗ ਅਤੇ ਹੋਰ ਕਾਰੋਬਾਰਾਂ 'ਤੇ ਕੋਰੋਨਾਵਾਇਰਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਇਸ ਦੇ ਵਿਆਪਕ ਅਸਰ ਨੇ ਕੋਰੀਅਰ ਸੇਵਾਵਾਂ ਨੂੰ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸਦੇ ਚਲਦਿਆਂ ਕੋਰੀਅਰ ਕੰਪਨੀਆਂ ਨੇ ਮਹਾਰਾਸ਼ਟਰ, ਦਿੱਲੀ ਸਮੇਤ ਹੋਰ ਵੱਡੇ ਸ਼ਹਿਰਾਂ ਨੋਇਡਾ, ਸ਼ਿਮਲਾ ਤੇ ਗੁਰੂਗ੍ਰਾਮ ਲਈ ਕੋਰੀਅਰ ਦੀ ਬੁਕਿੰਗ ਕਰਨ ਤੋਂ ਹੱਥ ਖੜੇ ਕਰ ਦਿੱਤੇ ਹਨ। ਜਿਸ ਤੋਂ ਬਾਅਦ ਕੋਰੀਅਰ ਕੰਪਨੀਆਂ ਨੂੰ ਵੱਡਾ ਘਾਟਾ ਪੈਣ ਦਾ ਖਦਸਾ ਜਤਾਇਆ ਜਾ ਰਿਹਾ ਹੈ। ਸ਼ਹਿਰ 'ਚ ਕੋਰੀਅਰ ਬੁਕਿੰਗ ਦਾ ਕੰਮ ਕਰਦੇ ਨਵੀਨ ਮਿੱਤਲ ਨੇ ਦੱਸਿਆ ਕਿ ਕੋਰੀਅਰ ਬੁਕਿੰਗ ਦਾ ਕੰਮ ਠੀਕ ਚੱਲ ਸੀ ਪਰ ਅੱਜ ਉਨ੍ਹਾਂ ਨੂੰ ਕੋਰੀਅਰ ਕੰਪਨੀ ਵੱਲੋਂ ਇੱਕ ਈ-ਮੇਲ ਭੇਜ ਕੇ ਜੰਮੂ, ਨੋਇਡਾ, ਗੁਰੂਗ੍ਰਾਮ,ਸ਼ਿਮਲਾ ਆਦਿ ਸਟੇਸ਼ਨਾ ਸਮੇਤ ਮਹਾਰਾਸ਼ਟਰ ਸੂਬੇ ਦੇ ਕਿਸੇ ਵੀ ਸ਼ਹਿਰ ਲਈ ਭੇਜੀ ਜਾਣ ਵਾਲੀ ਡਾਕ ਦੀ ਬੁਕਿੰਗ ਨੂੰ ਫਿਲਹਾਲ ਬੰਦ ਕਰ ਦੇਣ ਲਈ ਕਹਿ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਭਾਵੇਂ ਕੋਰੀਅਰ ਕੰਪਨੀਆਂ ਨੇ ਇਹ ਫੈਸਲਾ ਉਕਤ ਸ਼ਹਿਰਾਂ 'ਚ ਕੋਰੋਨਾਵਾਇਰਸ ਨੇ ਫੈਲ ਰਹੇ ਪ੍ਰਕੋਪ ਦੇ ਮੱਦੇਨਜ਼ਰ ਚੁੱਕਿਆ ਹੈ ਲੇਕਿਨ ਇਨ੍ਹਾਂ ਸ਼ਹਿਰਾਂ ਲਈ ਕੋਰੀਅਰ ਦੀ ਬੁਕਿੰਗ ਬੰਦ ਹੋ ਜਾਣ ਤੋਂ ਬਾਅਦ ਜਿੱਥੇ ਲੋਕਾਂ ਤੇ ਟਰਾਂਸਪੋਰਟਜ਼ ਨੂੰ ਅਪਣੇ ਜਰੂਰੀ ਦਸਤਾਵੇਜ਼ ਜਾਂ ਹੋਰ ਸਮਾਨ ਭੇਜਣ ਕਰਨ ਵਿੱਚ ਪ੍ਰੇਸ਼ਾਨੀ ਹੋਵੇਗੀ ਉਥੇ ਹੀ ਬੁਕਿੰਗ ਦਫਤਰਾਂ ਤੇ ਕੋਰੀਅਰ ਕੰਪਨੀਆਂ ਦੀ ਅਾਮਦਨੀ ਦਾ ਵੀ ਨੁਕਸਾਨ ਹੋਵੇਗਾ।