ਭਵਾਨੀਗੜ, 24 ਮਾਰਚ (ਗੁਰਵਿੰਦਰ ਸਿੰਘ): ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਕੌਮੀ ਮੀਤ ਪ੍ਧਾਨ ਕਾਮਰੇਡ ਭੂਪ ਚੰਦ ਚੰਨੋਂ ਨੇ ਇੱਕ ਬਿਆਨ ਵਿੱਚ ਆਖਿਆ ਕਿ ਕੋਵਿਡ-19 (ਕੋਰੋਨਾ ਵਾਇਰਸ) ਨਾਲ ਨਿਪਟਣ ਨੂੰ ਲੈ ਕੇੰਦਰ ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਲਾਕ ਡਾਊਨ ਕਰਨ ਜਾਂ ਸੂਬੇ ਭਰ ਵਿੱਚ ਕਰਫਿਊ ਲਗਾਉਣ ਦਾ ਅੈਲਾਣ ਕੀਤਾ ਗਿਆ ਜਿਸ ਸਬੰਧੀ ਕਿਸੇ ਨੂੰ ਵੀ ਕੋਈ ਮਤਭੇਦ ਨਹੀਂ ਪਰੰਤੂ ਸਿਰਫ ਇਹ ਅੈਲਾਣ ਕਰ ਦੇਣਾ ਹੀ ਕਾਫੀ ਨਹੀ। ਕਾ. ਚੰਨੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਸੀ ਕਿ ਮਜਦੂਰ ਜਾਂ ਹੋਰ ਲੋੜਵੰਦ ਦਿਹਾੜੀਦਾਰ ਲੋਕ ਜੋ ਰੋਜ਼ਾਨਾ ਮਜਦੂਰੀ ਕਰਕੇ ਅਪਣੇ ਪਰਿਵਾਰ ਦਾ ਪੇਟ ਪਾਲਦੇ ਹਨ ਉਨ੍ਹਾਂ ਦੀ ਰੋਜੀ ਰੋਟੀ ਅਤੇ ਸਿਹਤ ਸਹੂਲਤਾਂ ਵਾਸਤੇ ਵੀ ਆਰਥਿਕ ਪੈਕੇਜ ਦਾ ਅੈਲਾਣ ਕਰਦੀ। ਚੰਨੋੰ ਨੇ ਕਿਹਾ ਕਿ ਜਿਸ ਤਰ੍ਹਾਂ ਕੇਰਲਾ ਸਰਕਾਰ ਨੇ ਹੋਰ ਸਹੂਲਤਾਂ ਦੇਣ ਦੇ ਨਾਲ 20 ਹਜ਼ਾਰ ਕਰੋੜ ਰੁਪਏ ਅਤੇ ਦਿੱਲੀ ਸਰਕਾਰ ਨੇ ਵੀ ਸੰਕਟ ਦੀ ਇਸ ਸਥਿਤੀ ਵਿੱਚ ਲੋਕਾਂ ਲਈ ਅਹਿਮ ਅੈਲਾਣ ਕੀਤੇ ਹਨ ਉਸ ਤਰਜ 'ਤੇ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ। ਕਿਉਂਕਿ ਅਜਿਹੇ ਹਾਲਾਤਾਂ ਵਿੱਚ ਗਰੀਬ ਲੋਕ ਘਰਾਂ 'ਚ ਰਹਿ ਕਰ ਅਨਾਜ, ਦਵਾਈਆਂ ਤੇ ਹੋਰ ਲੋੜੀੰਦੀਆਂ ਚੀਜ਼ਾਂ ਕਿੱਥੋਂ ਤੇ ਕਿਵੇਂ ਹਾਸਲ ਕਰ ਸਕਦੇ ਹਨ। ਪਹਿਲਾਂ ਹੀ ਪੰਜਾਬ ਦੇ ਵਿੱਚ ਹਜ਼ਾਰਾਂ ਗਰੀਬ ਲੋਕਾਂ, ਮਜਦੂਰਾਂ ਦੇ ਆਟਾ ਦਾਲ ਸਕੀਮ ਕਾਰਡ ਕੱਟਣ ਕਰਕੇ ਹਾਹਾਕਾਰ ਮੱਚੀ ਪਈ ਹੈ। ਕਾ. ਚੰਨੋਂ ਨੇ ਮੌਜੂਦਾ ਹਾਲਾਤਾਂ ਨਾਲ ਨਿਪਟਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਤੁਰੰਤ ਸਾਰਥਕ ਤੇ ਆਰਥਿਕ ਅੈਲਾਣ ਕਰਨ ਦੀ ਮੰਗ ਕੀਤੀ ਹੈ।
ਕਾਮਰੇਡ ਭੂਪ ਚੰਦ ਚੰਨੋ।