ਕਰੋਨਾ ਦੇ ਮੱਦੇ ਨਜਰ ਕਰਫਿਊ ਦਾ ਪਹਿਲਾ ਦਿਨ
ਉਲੰਘਣਾ ਕਰਨ ਵਾਲਿਆਂ ਦੀ ਜੰਮ ਕੇ 'ਭੁਗਤ ਸਵਾਰੀ'

ਭਵਾਨੀਗੜ, 24 ਮਾਰਚ (ਗੁਰਵਿੰਦਰ ਸਿੰਘ): ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਦੇ ਲਈ ਪਹਿਲਾਂ ਸੂਬੇ 'ਚ 31 ਮਾਰਚ ਤੱਕ ਲਾਕ-ਡਾਊਨ ਦਾ ਅੈਲਾਣ ਕੀਤਾ ਸੀ ਪਰ ਲੋਕਾਂ ਨੇ ਹੁਕਮਾਂ ਨੂੰ ਟਿੱਚ ਜਾਣਕੇ ਲਾਕ ਡਾਊਨ ਦੀ ਉਲੰਘਣਾ ਕੀਤੀ ਤੇ ਬੇਪਰਵਾਹ ਹੋ ਕੇ ਅਪਣੇ ਘਰੋਂ ਬਾਹਰ ਘੁੰਮਦੇ ਰਹੇ ਜਿਸ ਤੋਂ ਬਾਅਦ ਸੋਮਵਾਰ ਦੁਪਹਿਰ ਤੋਂ ਸਰਕਾਰ ਨੇ ਸੂਬੇ ਭਰ ਵਿੱਚ ਕਰਫਿਊ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਤੇ ਪ੍ਰਸ਼ਾਸ਼ਨ ਨੂੰ ਕਰਫਿਊ ਸਬੰਧੀ ਜਾਰੀ ਆਦੇਸ਼ਾ ਨੂੰ ਸਖਤੀ ਨਾਲ ਲਾਗੂ ਕਰਵਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਆਮ ਜਨਤਾ ਦੀ ਹੀ ਭਲਾਈ ਹੋ ਸਕੇ ਜਿਸ ਦੇ ਚੱਲਦਿਆਂ ਮੰਗਲਵਾਰ ਨੂੰ ਵੀ ਲਾਗੂ ਕਰਫਿਊ ਨੂੰ ਟਿੱਚ ਸਮਝ ਕੇ ਕੁੱਝ ਲੋਕ ਆਮ ਦਿਨਾਂ ਵਾਂਗ ਹੀ ਸ਼ਹਿਰ 'ਚ ਸੜਕਾਂ 'ਤੇ ਘੁੰਮਦੇ ਹੋਏ ਨਜ਼ਰ ਆਏ ਤਾਂ ਉਨ੍ਹਾਂ ਲੋਕਾਂ ਦੀ ਇੱਥੇ ਪੁਲਸ ਵੱਲੋਂ ਚੰਗੀ ਚਿੱਤਰ ਪਰੇਡ ਕੀਤੀ ਗਈ ਤੇ ਕਰਫਿਊ ਦੀ ਪਾਲਣਾ ਕਰਨ ਦਾ ਪਾਠ ਪੜਾ ਕੇ ਉਨ੍ਹਾਂ ਨੂੰ ਅਪਣੇ ਘਰ ਬੈਠਣ ਦੀ ਸਖਤ ਹਦਾਇਤ ਕੀਤੀ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਕਰਫਿਊ ਦੇ ਹੁਕਮਾਂ ਨੂੰ ਇਨ-ਬਿਨ ਲਾਗੂ ਕਰਵਾਇਆ ਜਾ ਰਿਹਾ ਤੇ ਕਿਸੇ ਵੀ ਵਿਅਕਤੀ ਨੂੰ ਪ੍ਰਸ਼ਾਸਨ ਉਲੰਘਣਾ ਕਰਨ ਦੀ ਇਜਾਜਤ ਨਹੀਂ ਦੇਵੇਗਾ। ਪੁਲਸ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਅਪੀਲ ਕੀਤੀ ਕਿ ਉਹ ਘਰਾਂ ਤੋਂ ਬਿਲਕੁੱਲ ਵੀ ਬਾਹਰ ਨਾ ਨਿਕਲਣ।
ਕਰਫਿਊ ਦੀ ਉਲੰਘਣਾ ਕਰਦੇ ਲੋਕਾਂ ਖਿਲਾਫ਼ ਸਖਤੀ ਦਿਖਾਉਦੀ ਪੁਲਸ।