ਕਰਫਿਊ ਦੀ ਪਾਲਣਾ ਨਾ ਕਰਨ ਵਾਲਿਆਂ ਦੀ ਸ਼ਾਮਤ !
ਕਰਾਈ ਉਠਕ ਬੈਠਕ, ਘਰ ਬੈਠਣ ਦੀ ਕੀਤੀ ਹਦਾਇਤ

ਭਵਾਨੀਗੜ, 25 ਮਾਰਚ (ਗੁਰਵਿੰਦਰ ਸਿੰਘ): ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਬੇਮਿਆਦੀ ਸਮੇਂ ਤੱਕ ਕਰਫਿਊ ਲਗਾਉਣ ਦਾ ਅੈਲਾਣ ਕੀਤਾ ਗਿਆ ਹੈ ਤੇ ਸੂਬੇ ਵਿੱਚ ਇਸਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਪੁਲਸ ਪ੍ਸ਼ਾਸ਼ਨ ਬੁੱਧਵਾਰ ਨੂੰ ਵੀ ਪੂਰੀ ਤਰ੍ਹਾਂ ਨਾਲ ਮੁਸਤੈਦ ਰਿਹਾ ਜਿਸ ਦੌਰਾਨ ਭਵਾਨੀਗੜ ਵਿੱਚ ਦੂਜੇ ਦਿਨ ਵੀ ਕਰਫਿਊ ਨੂੰ ਟਿੱਚ ਸਮਝ ਕੇ ਆਨੇ ਬਹਾਨੇ ਸ਼ਹਿਰ ਦੀਆਂ ਸੜਕਾਂ ਅਤੇ ਗਲੀ ਮੁਹੱਲਿਆਂ 'ਚ ਘੁੰਮਦੇ ਕੁੱਝ ਲੋਕਾਂ ਨਾਲ ਸਖਤੀ ਵਰਤਦਿਆ ਪੁਲਸ ਨੇ ਉਨ੍ਹਾਂ ਦੀ ਡੰਡਾ ਪਰੇਡ ਕਰਨ ਦੇ ਨਾਲ ਨਾਲ ਡੰਡ ਬੈਠਕ ਵੀ ਕਢਾਈ ਤੇ ਲੋਕਾਂ ਨੂੰ ਕਰਫਿਊ ਦੀ ਪਾਲਣਾ ਕਰਨ ਦਾ ਪਾਠ ਪੜਾ ਕੇ ਉਨ੍ਹਾਂ ਨੂੰ ਘਰ ਬੈਠਣ ਦੀ ਹਦਾਇਤ ਕੀਤੀ। ਇਸ ਸਬੰਧੀ ਥਾਣਾ ਮੁੱਖੀ ਰਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਦੇ ਕਰਫਿਊ ਦੇ ਹੁਕਮਾਂ ਨੂੰ ਸਖਤੀ ਨਾਲ ਇਨ ਬਿਨ ਲਾਗੂ ਕਰਵਾਇਆ ਜਾ ਰਿਹਾ ਹੈ। ਸ਼ਹਿਰ 'ਚ ਹਾਈਵੇ 'ਤੇ ਥਾਂ ਥਾਂ ਪੁਲਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਤੇ ਹਰ ਆਉਣ ਜਾਣ ਵਾਲੇ ਵਾਹਨਾਂ ਤੇ ਵਿਅਕਤੀਆਂ ਦੀ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਪੁਲਸ ਕਰਮਚਾਰੀ ਟੁਕੜੀਆਂ ਬਣਾ ਕੇ ਸ਼ਹਿਰ ਅਤੇ ਪਿੰਡਾਂ 'ਚ ਲਗਾਤਾਰ ਗਸ਼ਤ ਕਰ ਰਹੇ ਹਨ। ਰਮਨਦੀਪ ਸਿੰਘ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਵੀ ਕਰਫਿਊ ਦੀ ਉਲੰਘਣਾ ਕਰਨ ਦੀ ਇਜਾਜਤ ਨਹੀਂ ਦੇਵੇਗੀ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਅਪੀਲ ਕੀਤੀ ਕਿ ਉਹ ਘਰਾਂ ਤੋਂ ਬਿਲਕੁੱਲ ਵੀ ਬਾਹਰ ਨਾ ਨਿਕਲਣ।
ਉਲੰਘਣਾ ਕਰਦੇ ਲੋਕਾਂ ਦੀਆਂ ਡੰਡ ਬੈਠਕਾ ਕਢਵਾਉਦੀ ਪੁਲਸ।