ਮੋਦੀ ਦੀ ਅਪੀਲ ਤੇ ਅਸਰ
ਸਫਾਈ ਕਰਮਚਾਰੀ ਨੂੰ ਮੁਹੱਲਾ ਵਾਸੀਆਂ ਨੇ ਦਿੱਤਾ ਸਨਮਾਨ

ਭਵਾਨੀਗੜ, 9 ਅਪ੍ਰੈਲ (ਗੁਰਵਿੰਦਰ ਸਿੰਘ):ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਪੂਰੇ ਦੇਸ਼ 'ਚ 14 ਅਪ੍ਰੈਲ ਤੱਕ ਲਾਕ-ਡਾਊਨ ਹੈ ਤੇ ਪੰਜਾਬ 'ਚ ਕਰਫਿਊ ਜਾਰੀ ਹੈ ਲੋਕ ਆਪਣੇ ਘਰਾਂ 'ਚ ਬੰਦ ਹਨ ਤਾਂ ਜੋ ਇਸ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ। ਹਾਲਾਂਕਿ ਅਜਿਹੀ ਸਥਿਤੀ ਵਿੱਚ ਕੁੱਝ ਲੋਕ ਉਹ ਵੀ ਹਨ ਜਿਨ੍ਹਾਂ ਨੂੰ ਅਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਘਰਾਂ 'ਚੋਂ ਬਾਹਰ ਜਾਣਾ ਪੈਂਦਾ ਹੈ। ਇਨ੍ਹਾਂ 'ਚ ਡਾਕਟਰ, ਪੁਲਸ ਕਰਮਚਾਰੀ, ਸਫਾਈ ਕਰਮਚਾਰੀ ਅਤੇ ਮੀਡੀਆ ਸਮੇਤ ਹੋਰ ਪੇਸ਼ੇ ਨਾਲ ਜੁੜੇ ਲੋਕ ਹਨ। ਜਿਨ੍ਹਾਂ ਦਾ ਹੌਸਲਾ ਵਧਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਗਈ ਜਿਸ ਤਹਿਤ ਸ਼ਹਿਰ ਦੇ ਪ੍ਰਾਚੀਨ ਸ਼ਿਵ ਮੰਦਰ ਨੇੜੇ ਸਥਿਤ ਵਾਰਡ ਨੰਬਰ 3 ਦੇ ਵਸਨੀਕਾਂ ਨੇ ਸਫਾਈ ਸੇਵਕਾਂ ਦਾ ਮਨੋਬਲ ਵਧਾਉਣ ਲਈ ਇੱਥੇ ਸਫਾਈ ਕਰਮਚਾਰੀਆਂ ਦੇ ਗਲਾਂ ਵਿੱਚ ਨੋਟਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਨਾਲ ਸਫਾਈ ਕਰਮਚਾਰੀਆਂ ਨੂੰ ਲੋੜੀਂਦਾ ਰਾਸ਼ਨ ਅਤੇ ਹੋਰ ਸਹਾਇਤਾ ਦੇ ਕੇ ਮੁਹੱਲਾ ਵਾਸੀਆਂ ਨੇ ਖੁਸ਼ੀ ਪ੍ਰਗਟਾਈ। ਇਸ ਮੌਕੇ ਅਸ਼ੌਕ ਸ਼ਰਮਾ, ਅੈਡਵੋਕੇਟ ਓਪਿੰਦਰ ਸ਼ਰਮਾ, ਰਾਜੇਸ਼ ਸ਼ਰਮਾ ਸਮੇਤ ਮੁਹੱਲਾ ਵਾਸੀਆਂ ਨੇ ਕਿਹਾ ਕਿ ਮੌਜੂਦਾ ਸੰਕਟ ਦੇ ਦੌਰ ਵਿੱਚ ਸਫਾਈ ਸੇਵਕ ਬਿਨ੍ਹਾਂ ਕਿਸੇ ਨਿੱਜੀ ਸਵਾਰਥ ਦੇ ਲੋਕਾਂ ਲਈ ਸੇਵਾ ਵਿੱਚ ਜੁੱਟੇ ਹੋਏ ਹਨ ਜਿਨ੍ਹਾਂ ਦੀ ਪ੍ਰਸ਼ੰਸਾ ਜਿੰਨੀ ਵੀ ਕੀਤੀ ਜਾਵੇ ਘੱਟ ਹੈ ਕਿਉਕਿ ਸਫਾਈ ਕੋਰੋਨਾ ਵਾਇਰਸ ਨਾਲ ਲੜਨ ਲਈ ਇਕ ਮਹੱਤਵਪੂਰਨ ਪਹਿਲੂ ਹੈ। ਅਜਿਹੀ ਸਥਿਤੀ 'ਚ ਸਫਾਈ ਸੇਵਕ ਹਰ ਸਵੇਰ ਘਰਾਂ ਦੇ ਬਾਹਰ ਫੈਲ ਰਹੀ ਗੰਦਗੀ ਨੂੰ ਦੂਰ ਕਰਨ ਲਈ ਆਪਣੀ ਡਿਊਟੀ ਨਿਭਾਅ ਰਹੇ ਹਨ।
ਸਫਾਈ ਕਰਮਚਾਰੀਆਂ ਨੂੰ ਮਾਨ ਸਤਿਕਾਰ ਦਿੰਦੇ ਹੋਏ ਮੁਹੱਲਾ ਵਾਸੀ।