ਭਵਾਨੀਗੜ,10 ਅਪ੍ਰੈਲ (ਗੁਰਵਿੰਦਰ ਸਿੰਘ): ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਪ੍ਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਮੌਜੂਦਾ ਸਮੇਂ 'ਚ ਸਿਰਫ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਕੋਰੋਨਾ ਵਾਇਰਸ ਦਾ ਕਹਿਰ ਝੱਲ ਰਹੀ ਹੈ ਤੇ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਜਿੱਥੇ ਆਪਣੇ ਘਰਾਂ ਵਿੱਚ ਬੈਠਣ ਦੀਆਂ ਹਦਾਇਤਾਂ ਦਿੱਤੀ ਗਈ ਹਨ ਤੇ ਬਾਹਰਲੇ ਸੂਬਿਆਂ 'ਚੋਂ ਆਉਣ ਜਾਣ ਵਾਲੇ ਲੋਕਾਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ ਇਸ ਦੌਰਾਨ ਮੈੰਬਰ ਪਾਰਲੀਮੇੰਟ ਭਗਵੰਤ ਮਾਨ ਦਾ ਦਿੱਲੀ ਤੋਂ ਪੰਜਾਬ ਆਉਂਣਾ ਸੰਗਰੂਰ ਦੇ ਲੋਕਾਂ ਲਈ ਅਸੁਰੱਖਿਅਤ ਕਦਮ ਹੈ। ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਵਿੱਚ ਹੀ ਠਹਿਰੇ ਹੋਏ ਸਨ ਤੇ ਜ਼ਿਲ੍ਹੇ ਅੰਦਰ ਪਹਿਲਾਂ ਹੀ ਪਿਛਲੇ ਦੋ ਦਿਨ ਤੋਂ ਲਗਾਤਾਰ ਕੋਰੋਨਾ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸ ਲਈ ਉਹ ਜਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਨ ਕਿ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਸੰਸਦ ਮੈੰਬਰ ਭਗਵੰਤ ਮਾਨ ਨੂੰ 14 ਦਿਨ ਲਈ ਇਕਾਂਤਵਾਸ ਰੱਖਿਆ ਜਾਵੇ ਕਿਉਂਕਿ ਪੰਜਾਬ ਵਿੱਚ ਕੋਰੋਨਾ ਪੀੜਿਤਾਂ ਦੀ ਗਿਣਤੀ ਬਾਹਰਲੇ ਦੇਸ਼ਾਂ ਤੇ ਰਾਜਾਂ ਤੋਂ ਆਏ ਲੋਕਾਂ ਕਰਕੇ ਹੀ ਵਧੀ ਹੈ। ਬਾਜਵਾ ਨੇ ਆਸ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਗਵੰਤ ਮਾਨ ਖੁਦ ਹੀ ਇਕਾਂਤਵਾਸ ਹੋ ਕੇ ਜਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣਗੇ ਅਤੇ ਅਪਣੀ ਜੁੰਮੇਵਾਰੀ ਨੂੰ ਬਾਖੁਬੀ ਸਮਝਣਗੇ।
ਹਰਪ੍ਰੀਤ ਬਾਜਵਾ।