ਭਵਾਨੀਗੜ੍ਹ,10 ਅਪ੍ਰੈਲ (ਗੁਰਵਿੰਦਰ ਸਿੰਘ):ਨੇੜਲੇ ਪਿੰਡ ਬਖੋਪੀਰ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਦੇ ਇਕਲੌਤੇ ਪੁੱਤਰ ਲਖਵੀਰ ਸਿੰਘ (28) ਦੀ ਬੀਤੇ ਦਿਨੀਂ ਨਿਊਜ਼ੀਲੈਂਡ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮੌਤ ਦੀ ਖਬਰ ਮਿਲਦਿਆਂ ਬਖੋਪੀਰ ਪਿੰਡ ਵਿੱਚ ਸੋਗ ਤੇ ਪਰਿਵਾਰ ਵਿੱਚ ਮਾਤਮ ਛਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਮੌਜੂਦਾ ਸਰਪੰਚ ਗੁਰਜੰਟ ਸਿੰਘ ਨੇ ਦੱਸਿਆ ਕਿ ਸਾਬਕਾ ਸਰਪੰਚ ਕੁਲਵੰਤ ਸਿੰਘ ਦਾ ਨੌਜਵਾਨ ਪੁੱਤਰ ਲਖਵੀਰ ਸਿੰਘ ਲੱਖੀ ਕਰੀਬ ਅੱਠ ਸਾਲ ਪਹਿਲਾਂ ਪੜਾਈ ਕਰਨ ਲਈ ਨਿਊਜ਼ੀਲੈਂਡ ਦੇ ਸ਼ਹਿਰ ਆਕਲੈੰਡ ਗਿਆ ਸੀ ਜਿੱਥੇ ਕੋਰੋਨਾ ਵਾਇਰਸ ਦੇ ਚੱਲਦਿਆਂ ਉੱਥੋਂ ਦੀ ਸਰਕਾਰ ਵੱਲੋਂ ਸ਼ਹਿਰ ਨੂੰ ਇੱਕ ਮਹੀਨੇ ਲਈ ਲਾਕ-ਡਾਊਨ ਕੀਤਾ ਹੋਇਆ ਹੈ ਇਸ ਦੌਰਾਨ ਬੀਤੇ ਕੱਲ ਲਖਵੀਰ ਸਿੰਘ ਜਦੋਂ ਘਰ ਵਿੱਚ ਹੀ ਸੀ ਤਾਂ ਅਚਾਨਕ ਉਹ ਦਿਲ ਦਾ ਦੌਰਾ ਪੈਣ ਨਾਲ ਬੇਹੋਸ਼ ਹੋ ਕੇ ਡਿੱਗ ਪਿਆ। ਗੰਭੀਰ ਹਾਲਤ ਵਿੱਚ ਉਸਦੇ ਦੋਸਤ ਲਖਵੀਰ ਸਿੰਘ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਮ੍ਰਿਤਕ ਨੌਜਵਾਨ ਦੇ ਪਿਤਾ ਕੁਲਵੰਤ ਸਿੰਘ ਨੇ ਅਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਵਿਦੇਸ਼ ਤੋਂ ਭਾਰਤ ਵਾਪਸ ਲਿਆਉਣ ਵਿੱਚ ਪਰਿਵਾਰ ਦੀ ਮਦਦ ਕਰਨ ਲਈ ਭਾਰਤ ਸਰਕਾਰ ਅਤੇ ਮੈੰਬਰ ਪਾਰਲੀਮੈਂਟ ਸੰਗਰੂਰ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ।
ਮ੍ਰਿਤਕ ਲਖਵੀਰ ਸਿੰਘ ਦੀ ਫਾਇਲ ਫੋਟੋ।