ਬਾਬਾ ਸਾਹਿਬ ਜੀ ਦੇ ਜਨਮਦਿਨ ਮੌਕੇ ਲੋੜੀਵੰਦਾ ਨੂੰ ਦਿੱਤਾ ਰਾਸ਼ਨ

ਭਵਾਨੀਗੜ,15 ਅਪ੍ਰੈਲ (ਗੁਰਵਿੰਦਰ ਸਿੰਘ): ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਗ਼ਮੀ ਕਲਿਆਣ ਦੀ ਅਗਵਾਈ ਹੇਠ ਇੱਥੇ ਵਾਲਮੀਕਿ ਭਵਨ ਵਿਖੇ ਦੇਸ਼ ਦੇ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਮਨਾਇਆ ਗਿਆ। ਕੇਕ ਕੱਟਣ ਦੀ ਰਸਮ ਰਮਨਦੀਪ ਸਿੰਘ ਥਾਣਾ ਮੁਖੀ ਭਵਾਨੀਗੜ ਨੇ ਅਦਾ ਕੀਤੀ। ਇਸ ਮੌਕੇ ਸਭਾ ਵੱਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਦੇਣ ਦੇ ਨਾਲ ਹੀ ਸਮਾਜ ਵਿੱਚ ਲੋਕਾਂ ਦੀ ਨਿਸਵਾਰਥ ਸੇਵਾ ਕਰਨ 'ਚ ਜੁੱਟੇ ਪੁਲਸ ਮੁਲਾਜ਼ਮਾਂ,ਡਾਕਟਰਾਂ ਸਮੇਤ ਸਫਾਈ ਸੇਵਕਾਂ ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕਰਦਿਆਂ ਉਨ੍ਹਾਂ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ।ਇਸ ਮੌਕੇ ਗ਼ਮੀ ਕਲਿਆਣ ਨੇ ਕਿਹਾ ਕਿ ਕੋਰੋਨਾ ਦੀ ਭਿਆਨਕ ਮਹਾਂਮਾਰੀ ਤੋਂ ਬਚਾਉਣ ਲਈ ਪੁਲਸ, ਡਾਕਟਰ ਅਤੇ ਸਫਾਈ ਸੇਵਕ ਮਿਲ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਇਸ ਲਈ ਸਾਨੂੰ ਇਨ੍ਹਾਂ ਨੂੰ ਸਨਮਾਨ ਦੇਣਾ ਚਾਹੀਦਾ ਹੈ।ਕਲਿਆਣ ਦੇ ਦੱਸਿਆ ਕਿ ਅੱਜ ਸਭਾ ਵੱਲੋਂ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਗੋਭੀ,ਪਿਆਜ,ਆਲੂ ਅਤੇ ਰਾਸ਼ਨ ਦੀਆਂ ਕਿੱਟਾਂ ਜਿੰਨ੍ਹਾਂ ਵਿੱਚ ਆਟਾ,ਦਾਲਾਂ,ਚੀਨੀ ਅਤੇ ਹੋਰ ਸਾਮਾਨ ਸੀ ਲੋਕਾਂ ਨੂੰ ਵੰਡਿਆ ਗਿਆ। ਇਸ ਮੌਕੇ ਰਮਨਦੀਪ ਸਿੰਘ ਥਾਣਾ ਮੁਖੀ ਭਵਾਨੀਗੜ੍ਹ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਕਿਉਂਕਿ ਇਸ ਬਿਮਾਰੀ ਤੋਂ ਬਚਣ ਦਾ ਇਹ ਇੱਕ ਵਧੀਆ ਤਰੀਕਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ,ਹਨੀ ਸਹੋਤਾ, ਗਗਨ ਧਵਨ, ਮਨੀ ਸਿੰਘ,ਅਮਰਜੀਤ ਸਿੰਘ ਪ੍ਰਧਾਨ ਵਾਲਮੀਕਿ ਭਵਨ,ਅਵਤਾਰ ਕਾਕੜਾ, ਬਿੱਟੂ ਕਾਕੜਾ, ਆਂਚਲ ਗਰਗ, ਜੱਟ ਦਾਸ, ਬਾਬਾ ਮੱਟਰ, ਰਾਜ ਕੁਮਾਰ,ਧਰਮਵੀਰ, ਗਗਨ ਬਾਵਾ,ਧਰਮ ਕਲਿਆਣ,ਕਰਨ ਸ਼ਰਮਾ, ਹਾਕਮ ਸਿੰਘ ਮੁਗਲ, ਸੁਰਜੀਤ ਸਿੰਘ ਮੱਟਰ ਆਦਿ ਹਾਜ਼ਰ ਸਨ। ਓਥੇ ਹੀ ਗੁਰੂ ਰਵਿਦਾਸ ਵੈੱਲਫੇਅਰ ਸੋਸਾਇਟੀ ਭਵਾਨੀਗੜ੍ਹ ਜਿਲਾ ਸਂਗਰੂਰ ਦੇ ਪ੍ਰਧਾਨ ਵਿਕਰਮਜੀਤ ਸਿੰਘ ਦੀ ਅਗਵਾਈ ਵਿਚ ਬਲਿਆਲ ਰੋਡ ਵਿਖੇ ਵੀ ਬਾਬਾ ਸਾਹਿਬ ਦਾ ਜਨਮ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ ।
ਲੋੜਵੰਦਾਂ ਨੂੰ ਰਾਸ਼ਨ ਦਿੰਦੇ ਸਭਾ ਦੇ ਨੁਮਾਇੰਦੇ।