ਭਵਾਨੀਗੜ, 23 ਅਪ੍ਰੈਲ (ਗੁਰਵਿੰਦਰ ਸਿੰਘ):ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੇ ਸੂਬੇ ਅੰਦਰ ਕਰਫਿਊ ਲਗਾ ਰੱਖਿਆ ਹੈ ਤਾਂ ਜੋ ਲੋਕ ਅਪਣੇ ਘਰਾਂ ਵਿੱਚ ਹੀ ਰਹਿਣ ਪਰੰਤੂ ਪਿਛਲੇ ਕੁੱਝ ਦਿਨਾਂ ਤੋਂ ਕਰਫਿਊ ਦੀ ਪਰਵਾਹ ਕੀਤੇ ਵਗੈਰ ਸ਼ਹਿਰ ਤੇ ਇਲਾਕੇ 'ਚ ਲੋਕ ਸੜਕਾਂ 'ਤੇ ਨਿਕਲ ਰਹੇ ਸਨ ਜਿਸ ਸਬੰਧੀ ਭਵਾਨੀਗੜ ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਚੌਕ-ਚੌਰਾਹਿਅਾਂ 'ਤੇ ਨਾਕੇਬੰਦੀ ਕਰਕੇ ਅੱਜ ਕਰਫਿਊ ਦੀ ਪਾਲਣਾ ਨਾ ਕਰਨ ਵਾਲੇ ਵੱਡੀ ਗਿਣਤੀ ਵਿੱਚ ਵਾਹਨ ਚਾਲਕਾਂ ਦੇ ਚਲਾਣ ਕੀਤੇ। ਇਸ ਸਬੰਧੀ ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਜਿਲ੍ਹਾ ਪੁਲਸ ਮੁਖੀ ਸੰਗਰੂਰ ਡਾ. ਸੰਦੀਪ ਗਰਗ ਦੇ ਹੁਕਮਾਂ 'ਤੇ ਡੀਐੱਸਪੀ ਗੋਬਿੰਦਰ ਸਿੰਘ ਦੀ ਅਗਵਾਈ ਹੇਠ ਨਾਕਾਬੰਦੀ ਕਰਕੇ ਸ਼ਹਿਰ 'ਚ ਦਾਖ਼ਲ ਹੋਣ ਵਾਲੇ ਰਸਤਿਆਂ 'ਤੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਤੇ ਬਿਨ੍ਹਾਂ ਕਾਰਣ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੀ ਪੁੱਛਗਿਛ ਕਰਨ ਸਮੇਤ ਕਰੀਬ ਡੇਢ ਦਰਜਨ ਵਾਹਨਾਂ ਦੇ ਚਲਾਣ ਕੱਟੇ ਗਏ ਹਨ ਤੇ ਕੁੱਝ ਦੋ ਪਹੀਆ ਵਾਹਨਾਂ ਨੂੰ ਥਾਣੇ 'ਚ ਬੰਦ ਵੀ ਕੀਤਾ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਸ਼ਹਿਰ ਵਿਚ ਲਾਕਡਾਊਨ/ਕਰਫਿਊ ਦੀ ਪੂਰੀ ਤਰ੍ਹਾਂ ਪਾਲਣਾ ਕਰਵਾਈ ਜਾ ਰਹੀ ਹੈ ਅਤੇ ਮੂੰਹ 'ਤੇ ਮਾਸਕ ਨਾ ਲੈਣ ਵਾਲੇ ਲੋਕਾਂ ਨੂੰ ਪੁਲਸ ਵੱਲੋਂ ਤਾੜਨਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਥਾਣਾ ਮੁਖੀ ਰਮਨਦੀਪ ਸਿੰਘ ਨੇ ਕਿਹਾ ਕਿ ਸਵੇਰ ਸਮੇਂ ਕਰਫਿਊ 'ਚ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਢਿੱਲ ਦੌਰਾਨ ਜਰੂਰੀ ਵਸਤਾਂ ਦੀਆਂ ਦੁਕਾਨਾਂ ਤੋਂ ਬਿਨ੍ਹਾਂ ਅਪਣੀਆਂ ਦੁਕਾਨਾਂ ਖੋਲ੍ਹਣ ਵਾਲੇ ਦੁਕਾਨਦਾਰਾਂ ਖਿਲਾਫ਼ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
ਵਾਹਨਾਂ ਦੇ ਚਲਾਣ ਕਰਦੇ ਹੋਏ ਥਾਣਾ ਮੁਖੀ।