ਭਵਾਨੀਗੜ, 25 ਅਪ੍ਰੈਲ (ਗੁਰਵਿੰਦਰ ਸਿੰਘ): ਕੋਰੋਨਾ ਵਾਇਰਸ ਦੇ ਚੱਲਦਿਆਂ ਜ਼ਿਲਾ ਪ੍ਸ਼ਾਸਨ ਵਲੋਂ ਸੰਗਰੂਰ ਜ਼ਿਲੇ 'ਚ ਬਾਹਰੀ ਸੂਬਿਆਂ ਅਤੇ ਬਾਕੀ ਜ਼ਿਲਿਆਂ ਨਾਲ ਲੱਗਦੀਆਂ ਹੱਦਾਂ ਨੂੰ ਸੀਲ ਕਰਨ ਲਈ 13 ਨਾਕੇ ਸਥਾਪਤ ਕੀਤੇ ਗਏ ਹਨ, ਜਿਸ ਤਹਿਤ ਭਵਾਨੀਗੜ ਦੇ ਪਿੰਡ ਕਾਲਾਝਾੜ ਨੇੜੇ ਜਿਲ੍ਹਾ ਪਟਿਆਲਾ ਨੂੰ ਲੱਗਦੀ ਹੱਦ ਨੂੰ ਪ੍ਰਸ਼ਾਸ਼ਨ ਵੱਲੋਂ ਨਾਕੇ ਲਗਾ ਕੇ ਸੀਲ ਕੀਤਾ ਗਿਆ ਹੈ। ਜਿੱਥੇ ਪੁਲਸ ਮੁਲਾਜ਼ਮਾਂ ਦੇ ਨਾਲ-ਨਾਲ ਮੈਡੀਕਲ ਟੀਮ ਅਤੇ ਐਂਬੂਲੈਂਸ ਵੀ ਤਾਇਨਾਤ ਕੀਤੀ ਗਈ ਹੈ। ਇਸ ਮੌਕੇ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਦੇ ਲੋੜੀਂਦੇ ਦਸਤਾਵੇਜਾ ਤੋਂ ਬਗੈਰ ਬਾਹਰੀ ਵਿਅਕਤੀ ਨੂੰ ਜ਼ਿਲੇ 'ਚ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਇਸ ਤੋਂ ਇਲਾਵਾ ਨਾਕੇ 'ਤੇ ਤਾਇਨਾਤ ਮੈਡੀਕਲ ਟੀਮਾਂ ਵੱਲੋਂ ਕੋਵਿਡ-19 ਦੇ ਸ਼ੱਕੀ ਮਰੀਜ਼ਾਂ 'ਤੇ ਪੂਰੀ ਸਰਗਰਮੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਤੇ ਉਨ੍ਹਾਂ ਦੀ ਸਿਹਤ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੇ ਅਮਲੇ ਦੇ ਦੱਸਿਆ ਕਿ ਮੈਡੀਕਲ ਤੌਰ 'ਤੇ ਫਿੱਟ ਹੋਣ ਦੀ ਸੂਰਤ 'ਚ ਹੀ ਬਾਹਰੋਂ ਆਉਣ ਵਾਲੇ ਵਿਅਕਤੀ ਨੂੰ ਜ਼ਿਲੇ ਅੰਦਰ ਆਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ।
ਹੱਦ 'ਤੇ ਵਿਅਕਤੀਆਂ ਦੀ ਜਾਂਚ ਕਰਦੇ ਸਿਹਤ ਵਿਭਾਗ ਦੇ ਮੁਲਾਜ਼ਮ।