ਖਮਾਣੋ 30 ਅਪ੍ਰੈਲ (ਹਰਜੀਤ ਸਿੰਘ ਜੀਤੀ) ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਲਾਏ ਗਏ ਕਰਫਿਊ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਥਾਨਕ ਪੁਲੀਸ ਨੇ ਦੋ ਜੌੜੀਆਂ ਬੱਚੀਆਂ ਲਵਨੀਤ ਤੇ ਲਵਨੀਸ਼ ਦਾ 06ਵਾਂ ਜਨਮ ਦਿਨ ਮਨਾਇਆ, ਜਿਸ ਲਈ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਤਾਇਨਾਤ ਏ.ਐਸ.ਆਈ. ਚਰਨਜੀਤ ਬਿਲਾਸਪੁਰੀ, ਜੋ ਕਿ ਵੱਖ ਵੱਖ ਗੀਤ ਗਾ ਕੇ ਸਮਾਜ ਨੂੰ ਜਾਗਰੂਕ ਕਰਨ ਲਈ ਉਪਰਾਲੇ ਕਰਦੇ ਰਹਿੰਦੇ ਹਨ, ਨੇ ਇਸ ਮੌਕੇ ਉਚੇਚੇ ਤੌਰ ਉਤੇ ਧੀਆਂ ਨੂੰ ਸਮਰਪਿਤ ਗੀਤ ਗਾਏ। ਉਹ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਗੀਤ ਵੀ ਗਾ ਚੁੱਕੇ ਹਨ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਬੱਚੀਆਂ ਦੀ ਮਾਂ ਸੁਰਿਸ਼ਟਾ ਰਾਣੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰਫਿਊ ਕਾਰਨ ਉਹ ਸੋਚ ਰਹੇ ਸਨ ਕਿ ਆਪਣੀਆਂ ਬੱਚੀਆਂ ਦਾ ਜਨਮ ਦਿਨ ਕਿਵੇਂ ਮਨਾਉਣਗੇ ਪਰ ਪੁਲਿਸ ਨੇ ਉਨ੍ਹਾਂ ਦੀਆਂ ਬੱਚੀਆਂ ਲਈ ਕੇਕ ਲਿਆ ਕੇ ਉਨ੍ਹਾਂ ਦੀਆਂ ਬੱਚੀਆਂ ਦਾ ਜਨਮਦਿਨ ਮਨਾਇਆ, ਜਿਸ ਨਾਲ ਉਨ੍ਹਾਂ ਦੀ ਖੁਸ਼ੀ ਵਿੱਚ ਅਥਾਹ ਵਾਧਾ ਹੋਇਆ ਹੈ ਤੇ ਇਸ ਲਈ ਉਹ ਪੰਜਾਬ ਸਰਕਾਰ ਤੇ ਜ਼ਿਲ੍ਹਾ ਪੁਲਿਸ ਦੇ ਧੰਨਵਾਦੀ ਹਨ। ਉਨ੍ਹਾਂ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਸ ਮੌਕੇ ਸਬ ਇੰਸਪੈਕਟਰ ਅਮਨਦੀਪ ਕੌਰ, ਏ.ਐਸ.ਆਈ. ਬਲਜਿੰਦਰ ਸਿੰਘ ਤੇ ਮਹਿਲਾ ਪੁਲੀਸ ਮੁਲਾਜ਼ਮ ਇੰਦੂ ਬਾਲਾ ਤੇ ਕਿਰਨਦੀਪ ਕੌਰ ਵੀ ਹਾਜ਼ਰ ਸਨ। ਕੈਕ ਕੱਟਦੀਆਂ ਬੱਚੀਆਂ ਪੁਲਿਸ ਪਾਰਟੀ ਨਾਲ