ਜਨਮ ਦਿਨ
ਕੇਕ ਲੈ ਕੇ ਪਹੁੰਚੀ ਪੁਲਸ

ਭਵਾਨੀਗੜ, 10 ਮਈ (ਗੁਰਵਿੰਦਰ ਸਿੰਘ): ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬੇ 'ਚ ਲਗਾਏ ਗਏ ਕਰਫਿਊ ਦੌਰਾਨ ਅਪਣਾ ਜਨਮਦਿਨ ਨਾ ਮਨਾਏ ਜਾਣ ਤੋਂ ਮਾਯੂਸ 12 ਸਾਲ ਦੇ ਬੱਚੇ ਲਈ ਅੱਜ ਭਵਾਨੀਗੜ ਪੁਲਸ ਨੇ ਸਰਪ੍ਰਾਇਜ਼ ਦਿੱਤਾ। ਬੱਚੇ ਦੇ ਘਰ ਕੇਕ ਲੈ ਕੇ ਪਹੁੰਚੀ ਪੁਲਸ ਟੀਮ ਨੇ ਉਸਨੂੰ ਵਧਾਈ ਦਿੰਦੇ ਹੋਏ ਹੈਪੀ ਬਰਥ-ਡੇ ਟੂ ਯੂ ਕਿਹਾ। ਪੁਲਸ ਦੇ ਸਰਪ੍ਰਾਇਜ ਤੋਂ ਬਾਅਦ ਬੱਚੇ ਦਾ ਚਿਹਰਾ ਖਿੜ ਗਿਆ ਤੇ ਬੱਚੇ ਨੇ ਵੀ ਥੈੰਕ ਯੂ ਪੁਲਸ ਅੰਕਲ ਕਹਿ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਬੱਚੇ ਦੇ ਮਾਤਾ-ਪਿਤਾ ਨੇ ਵੀ ਪੁਲਸ ਦੀ ਤਾਰੀਫ਼ ਕੀਤੀ। ਹੋਇਆ ਇੰਝ ਕੇ ਨੇੜਲੇ ਪਿੰਡ ਝਨੇੜੀ ਦੇ ਰਹਿਣ ਵਾਲੇ ਸੰਜੀਵ ਭਾਰਦਵਾਜ ਦੇ ਨੌਵੀਂ ਜਮਾਤ ਪੜਦੇ ਬੱਚੇ ਪ੍ਰਾਸ਼ੂੰ ਸ਼ਰਮਾਂ ਦਾ ਸ਼ਨੀਵਾਰ ਨੂੰ ਜਨਮ ਦਿਨ ਸੀ ਪਰੰਤੂ ਪਿਛਲੇ ਡੇਢ ਮਹੀਨੇ ਤੋਂ ਘਰ ਬੈਠੇ ਪ੍ਰਾਸ਼ੂੰ ਨੂੰ ਪਰਿਵਾਰ ਨੇ ਸਮਝਾ ਦਿੱਤਾ ਸੀ ਕਿ ਇਸ ਵਾਰ ਲਾਕ-ਡਾਊਨ ਦੇ ਚੱਲਦਿਆਂ ਉਸਦਾ ਜਨਮਦਿਨ ਨਹੀਂ ਮਨਾਇਆ ਜਾ ਸਕੇਗਾ ਪਰ ਪ੍ਰਾਸ਼ੂੰ ਚਾਹੁੰਦਾ ਸੀ ਕਿ ਉਸਦਾ ਜਨਮ ਦਿਨ ਮਨਾਇਆ ਜਾਵੇ ਤਾਂ ਉਸਦੇ ਪਰਿਵਾਰ ਨੇ ਅਪਣੇ ਬੱਚੇ ਦੀ ਇੱਛਾ ਪੁਲਸ ਨੂੰ ਕੰਟਰੋਲ ਰੂਮ 'ਤੇ ਫੋਨ ਕਰਕੇ ਦੱਸੀ ਤਾਂ ਥਾਣਾ ਮੁਖੀ ਭਵਾਨੀਗੜ ਰਮਨਦੀਪ ਸਿੰਘ ਨੇ ਬੱਚੇ ਲਈ ਦੋ ਪੁਲਸ ਮੁਲਾਜ਼ਮਾਂ ਦੇ ਹੱਥ ਜਨਮ ਦਿਨ ਦਾ ਕੇਕ ਭੇਜ ਕੇ ਬੱਚੇ ਦੇ ਨਾਲ ਨਾਲ ਉਸਦੇ ਪਰਿਵਾਰ ਨੂੰ ਵੀ ਸਰਪ੍ਰਾਈਜ਼ ਦਿੱਤਾ। ਅਪਣੇ ਘਰ ਦੇ ਬਾਹਰ ਆਈ ਪੁਲਸ ਨੂੰ ਦੇਖ ਕੇ ਇੱਕ ਵਾਰ ਪਰਿਵਾਰ ਹੈਰਾਨ ਰਹਿ ਗਿਆ ਤੇ ਜਦੋਂ ਪੁਲਸ ਨੇ 'ਹੈਪੀ ਬਰਥ-ਡੇ ਪ੍ਰਾਸ਼ੂੰ ਬੇਟਾ' ਕਿਹਾ ਤਾਂ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਇਸ ਮੌਕੇ ਬੱਚੇ ਦਾ ਕਹਿਣਾ ਸੀ ਕਿ ਉਸਨੂੰ ਯਕੀਨ ਨਹੀਂ ਹੋ ਰਿਹਾ ਕਿ ਪੁਲਸ ਇਸ ਤਰੀਕੇ ਨਾਲ ਉਸਦਾ ਜਨਮ ਦਿਨ ਮਨਾਉਣ ਲਈ ਉਸਦੇ ਘਰ ਆਵੇਗੀ। ਬੱਚੇ ਨੇ ਧੰਨਵਾਦ ਕਰਦਿਆਂ ਪੁਲਸ ਮੁਲਾਜ਼ਮਾਂ ਦਾ ਵੀ ਮੂੰਹ ਮਿਠਾ ਕਰਵਾਇਆ।
ਬੱਚੇ ਦੇ ਜਨਮ ਦਿਨ 'ਤੇ ਘਰ ਕੇਕ ਲੈ ਪਹੁੰਚੇ ਪੁਲਸ ਮੁਲਾਜ਼ਮ।