ਭਵਾਨੀਗੜ੍ਹ, 21 ਮਈ (ਗੁਰਵਿੰਦਰ ਸਿੰਘ) ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਇੱਕ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਭਵਾਨੀਗੜ ਪੁਲਸ ਵੱਲੋਂ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਭਾਨ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਝਨੇੜੀ ਨੇ ਜਿਲ੍ਹਾ ਪੁਲਸ ਮੁਖੀ ਨੂੰ ਦਿੱਤੀ ਦਰਖਾਸਤ 'ਚ ਦੱਸਿਆ ਕਿ ਉਸਦੀ ਪ੍ਰਸ਼ੋਤਮ ਸਿੰਘ ਵਾਸੀ ਪਿੰਡ ਫੱਗੂਵਾਲਾ ਨਾਲ ਕਾਫੀ ਨੇੜਤਾ ਅਤੇ ਦੂਰ ਦੀ ਰਿਸ਼ਤੇਦਾਰੀ ਹੋਣ ਕਾਰਨ ਸਾਡੇ ਘਰ ਕਾਫੀ ਆਉਣਾ ਜਾਣਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪ੍ਰਸ਼ੋਤਮ ਸਿੰਘ ਨੇ ਉਸਦੇ ਲੜਕੇ ਹੁਸ਼ਿਆਰ ਸਿੰਘ ਉਰਫ ਲਾਡੀ ਨੂੰ ਪੀ.ਜੀ.ਆਈ. ਘਾਬਦਾ ਵਿਖੇ ਨੌਕਰੀ ਤੇ ਲਗਵਾਉਣ ਦੀ ਗੱਲ ਆਖੀ ਤੇ ਕਿਹਾ ਕਿ ਇਸਦੇ ਲਈ 2 ਲੱਖ ਰੁਪਏ ਖਰਚ ਆਵੇਗਾ ਜਿਸ ਦੇ ਤਹਿਤ ਉਨ੍ਹਾਂ ਨੇ ਇਕ ਲੱਖ ਰੂਪਏ ਆਪਣੇ ਰਿਸ਼ਤੇਦਾਰਾਂ ਤੋਂ ਇਕੱਠੇ ਕਰਕੇ ਪਹਿਲਾਂ ਦੇ ਦਿੱਤੇ ਅਤੇ ਬਾਕੀ ਦੇ ਇਕ ਲੱਖ ਰੁਪਏ ਨੌਕਰੀ ਦਵਾਉਣ ਤੋਂ ਬਾਅਦ ਦੇਣ ਦੀ ਗੱਲ ਤੈਅ ਹੋਈ। ਸ਼ਿਕਾਇਤ 'ਚ ਭਾਨ ਸਿੰਘ ਨੇ ਦੋਸ਼ ਲਗਾਇਆ ਕਿ ਪ੍ਰਸ਼ੋਤਮ ਸਿੰਘ ਨੇ ਨਾ ਹੀ ਉਸ ਦੇ ਲੜਕੇ ਨੂੰ ਨੌਕਰੀ ਲਗਵਾਇਆ ਅਤੇ ਨਾ ਹੀ ਉਨ੍ਹਾਂ ਵੱਲੋਂ ਦਿੱਤੇ ਇਕ ਲੱਖ ਰੁਪਏ ਉਨ੍ਹਾਂ ਨੂੰ ਵਾਪਸ ਕੀਤੇ ਹਨ। ਭਾਨ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਹੁਸ਼ਿਆਰ ਸਿੰਘ ਲਾਡੀ ਦੀ ਪਿਛਲੇ ਸਾਲ ਅਗਸਤ ਮਹੀਨੇ 'ਚ ਮੌਤ ਹੋ ਚੁੱਕੀ ਹੈ। ਮਾਮਲੇ ਸਬੰਧੀ ਅੈਸ.ਅੈਸ.ਪੀ ਸੰਗਰੂਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੁਲਸ ਨੇ ਭਾਨ ਸਿੰਘ ਦੀ ਸ਼ਿਕਾਇਤ 'ਤੇ ਉਸ ਨਾਲ ਧੋਖਾਦੇਹੀ ਕਰਨ ਦੇ ਦੋਸ਼ ਹੇਠ ਉਕਤ ਪ੍ਰਸ਼ੋਤਮ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਓਧਰ ਇਸ ਸੰਬੰਧੀ ਪ੍ਰਸ਼ੋਤਮ ਸਿੰਘ ਫੱਗੂਵਾਲਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਸੋਚੀ ਸਮਝੀ ਸ਼ਾਜਿਸ਼ ਦੇ ਤਹਿਤ ਇਹ ਸਭ ਇਲਜ਼ਾਮ ਲਗਾਏ ਗਏ ਹਨ ਜਿਸ ਦਾ ਜਵਾਬ ਉਹ ਅਦਾਲਤ ਵਿੱਚ ਦੇਣਗੇ।