ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਕਿਸੇ ਵੀ ਮਜ਼ਹਬ ਅਤੇ ਤਰਕ ਵਿੱਚ ਕੋਈ ਸੰਬੰਧ ਨਹੀਂ ਹੁੰਦਾ।ਇਸੇ ਤਰ੍ਹਾਂ ਹੀ ਸਿੱਖ ਮੱਤ ਵਿੱਚ ਵੀ ਇਹ ਗੱਲ ਬੜੇ ਜੋਰ-ਸ਼ੋਰ ਪ੍ਰਚਾਰੀ ਗਈ ਕਿ ਗੁਰਮਤਿ ਦੇ ਨਾਲ ਤਰਕ ਦਾ ਕੋਈ ਸੰਬੰਧ ਨਹੀਂ। ਆਉ ਵਿਚਾਰੀਏ ਕਿ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦਾ ਤਰਕ ਨਾਲ ਕਿੰਨਾ ਕੁ ਸੰਬੰਧ ਹੈ। ਤਰਕ ਤੋਂ ਭਾਵ ਵਿਚਾਰ, ਸ਼ੰਕਾ ਕਰਨਾ ਆਦਿ ਤੋਂ ਹੈ ਅਰਥਾਤ ਕਿਸੇ ਵੀ ਚੀਜ਼ ਜਾਂ ਵਿਚਾਰਧਾਰਾ ਨੂੰ ਸਵਾਲ ਦੇ ਰੂਪ ਵਿੱਚ ਵੇਖਣਾ ਕਿ ਇਹ ਕਿਸ ਤਰ੍ਹਾਂ ਜਾਂ ਕਿਵੇਂ ਹੋ ਸਕਦਾ ਹੈ? ਆਦਿਕ ਜੇਕਰ ਵਿਗਿਆਨ ਨੇ ਅੱਜ ਅਸੀਮਿਤ ਬ੍ਰਹਿਮੰਡ, ਗਲੈਕਸੀਆਂ,ਗ੍ਰਹਿ,ਉਪਗ੍ਰਹਿ ਜਾਂ ਮਸ਼ੀਨਰੀ ਦੀ ਖੋਜ ਕੀਤੀ ਹੈ ਤਾਂ ਉਨ੍ਹਾਂ ਨੇ ਪਹਿਲਾਂ ਸਵਾਲ ਕੀਤਾ ਅਤੇ ਫਿਰ ਉਸਦਾ ਜਵਾਬ ਲੱਭਿਆ। ਇਸੇ ਪ੍ਰਕਾਰ ਗੁਰੂ ਨਾਨਕ ਸਾਹਿਬ/ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੈਠੇ 35 ਮਹਾਂਪੁਰਖਾਂ ਨੇ ਤਰਕ ਨੂੰ ਕਿੰਨੀ ਕੁ ਮਹਾਨਤਾ ਦਿੱਤੀ। ਸੰਖੇਪ ਵਿੱਚ ਉਨ੍ਹਾਂ ਦੇ ਜੀਵਨ ਅਤੇ ਬਾਣੀ ਵਿੱਚੋਂ ਵੇਖਦੇ ਹਾਂ:-
1) ਗੁਰੂ ਨਾਨਕ ਸਾਹਿਬ ਜੀ ਦਾ ਹਰਿਦੁਆਰ ਜਾ ਕੇ ਸੂਰਜ ਦੇ ਉਲਟ ਪਾਣੀ ਦੇਣਾ।
2) ਗੁਰੂ ਨਾਨਕ ਸਾਹਿਬ ਜੀ ਦਾ ਜਨੇਊ ਪਾਉਣ ਇਨਕਾਰ ਕਰਨਾ।
3) ਕਹੁ ਰੇ ਪੰਡਿਤ ਬਾਹਮਣ ਕਬ ਕੇ ਹੋਏ॥ ਬਾਹਮਣ ਕਹਿ ਕਹਿ ਜਨਮੁ ਮਤ ਖੋਏ॥੧॥ਰਹਾਉ॥
4) ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ॥ ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ॥੧॥
5) ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥
ਇਸ ਪ੍ਰਕਾਰ ਇਹ ਪੂਰੀ ਪਉੜੀ ਧਾਰਮਿਕ ਮਨੌਤਾਂ ਉੱਤੇ ਤਰਕ/ਕਿੰਤੂ-ਪ੍ਰੰਤੂ ਕਰਦੀ ਹੈ।
ਉਪਰੋਕਤ ਪੰਜ ਹੀ ਨਹੀਂ ਸਗੋਂ ਅਨੇਕਾਂ ਹੀ ਪ੍ਰਮਾਣ ਉਸ ਸਮੇਂ ਦੇ ਅਤੇ ਅਜੋਕੇ ਪੁਜਾਰੀ ਢਾਂਚੇ ਉਪਰ ਤਰਕ ਕਰਦੇ ਮਿਲਦੇ ਹਨ। ਕਈ ਆਪੋ ਬਣੇ ਸਿੱਖੀ ਦੇ ਠੇਕੇਦਾਰ ਤੱਤ ਗੁਰਮਤਿ ਦੇ ਪ੍ਰਚਾਰਕਾਂ ਨੂੰ ਕਹਿੰਦੇ ਹਨ ਕਿ ਉਹ ਗੁਰਬਾਣੀ ਅਤੇ ਸਿੱਖ ਇਤਿਹਾਸ ਉੱਪਰ ਸ਼ੰਕੇ ਕਰਦੇ ਹਨ ਪਰ ਅਸਲੀਅਤ ਵਿੱਚ ਇਹ ਸ਼ੰਕੇ ਗੁਰਬਾਣੀ ਤੇ ਗੁਰ ਇਤਿਹਾਸ ਉੱਪਰ ਨਹੀਂ ਸਗੋਂ ਉਨ੍ਹਾਂ ਦੁਆਰਾ ਪ੍ਰਚਾਰੀਆਂ ਕਾਲਪਨਿਕ ਘਟਨਾਵਾਂ ਉੱਤੇ ਹੁੰਦੇ ਹਨ। ਸੋ ਅੰਤ ਵਿੱਚ ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕਿ ਸੱਚ ਨੂੰ ਉਜਾਗਰ ਕਰਨ ਲਈ ਤਰਕ ਦਾ ਛਾਣਨਾ ਲਗਾਉਣਾ ਜਰੂਰੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਅਖੌਤੀ ਪੁਜਾਰੀ ਢਾਂਚੇ ਉਪਰ ਤਰਕ ਕਰਨਾ ਸਿਖਾਉਂਦਾ ਹੈ। ਉਨਾਂ ਨੇ "ੴ" (ਇੱਕੋ ਪ੍ਰਮੇਸ਼ਰ ਦਾ ਪਸਾਰਾ) ਲਿਖ ਕੇ ਪੁਜਾਰੀ ਦੁਆਰਾ ਬਣਾਏ ਰੱਬ ਉੱਤੇ ਤਰਕ ਕੀਤਾ ਹੈ। ਆਉ ਅਸੀਂ ਸਾਰੇ ਰਲ ਕੇ 35 ਮਹਾਂਪੁਰਖਾਂ ਦੀ ਕ੍ਰਾਂਤੀਕਾਰੀ ਸੋਚ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ। ਧੰਨਵਾਦ।
ਜਗਸੀਰ ਸਿੰਘ
ਜੈਮਲ ਸਿੰਘ ਵਾਲਾ(ਬਰਨਾਲਾ) 8054941830