ਭਵਾਨੀਗੜ, 25 ਮਈ (ਗੁਰਵਿੰਦਰ ਸਿੰਘ): ਤੰਬਾਕੂ ਦੇ ਡੱਬਿਆਂ ਤੇ ਗੁਰੂ ਰਵਿਦਾਸ ਜੀ ਦੀ ਫੋਟੋ ਛਾਪਣ ਦੇ ਵਿਰੋਧ ਵਿੱਚ ਰਵਿਦਾਸ ਭਾਈਚਾਰੇ ਅਤੇ ਧਾਰਮਿਕ ਸੰਸਥਾਵਾਂ ਦੇ ਲੋਕਾਂ ਵੱਲੋਂ ਤੰਬਾਕੂ ਕੰਪਨੀ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ, ਉੱਥੇ ਹੀ ਤੰਬਾਕੂ ਕੰਪਨੀ ਖਿਲਾਫ਼ ਸਖਤ ਕਾਰਵਾਈ ਨੂੰ ਲੈ ਕੇ ਥਾਣਾ ਮੁਖੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਕਮੇਟੀ ਤੇ ਜਨਤਕ ਜਥੇਬੰਦੀਆਂ ਦੇ ਮੈੰਬਰਾਂ ਸਮੇਤ ਹਾਜ਼ਰ ਸੰਗਤ ਨੇ ਕਿਹਾ ਕਿ ਤੰਬਾਕੂ ਉਦਪਾਦਕਾਂ 'ਤੇ ਗੁਰੂ ਰਵਿਦਾਸ ਜੀ ਦੀ ਤਸਵੀਰ ਛਾਪ ਕੇ ਕੰਪਨੀ ਨੇ ਰਵਿਦਾਸੀਆਂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਹੈ, ਜਿਸਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੰਪਨੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਨਾਹਰ ਸਿੰਘ, ਖਜਾਨਚੀ ਗੁਰਮੀਤ ਸਿੰਘ, ਹੈਡ ਗ੍ਰੰਥੀ ਬਾਬਾ ਚਰਨਜੀਤ ਸਿੰਘ ਤੋਂ ਇਲਾਵਾ ਬਸਪਾ ਵਰਕਰ ਬਾਬਾ ਤਰਸੇਮ ਦਾਸ, ਹੰਸ ਰਾਜ, ਰੋਸਨ ਲਾਲ, ਬਿੰਟੂ ਸਿੰਘ ਹਾਜ਼ਰ ਸਨ।
ਤੰਬਾਕੂ ਕੰਪਨੀ ਖਿਲਾਫ਼ ਰੋਸ ਜਤਾਉੰਦੇ ਰਵਿਦਾਸ ਭਾਈਚਾਰੇ ਦੇ ਲੋਕ।