ਭਵਾਨੀਗੜ, 26 ਮਈ (ਗੁਰਵਿੰਦਰ ਸਿੰਘ): ਅੱਜ ਇੱਥੇ ਨਿੱਜੀ ਸਕੂਲਾਂ 'ਚ ਪੜਦੇ ਬੱਚਿਆਂ ਦੇ ਮਾਪਿਆਂ ਦੀ ਸਾਂਝੀ ਇਕੱਤਰਤਾ ਹੋਈ ਜਿਸ ਦੌਰਾਨ ਮਾਪਿਆਂ ਵੱਲੋਂ ਲਾਕਡਾਊਨ ਦੌਰਾਨ ਬੱਚਿਆਂ ਦੀਆਂ ਸਕੂਲ ਫੀਸਾਂ ਭਰਨ ਦੇ ਸਰਕਾਰ ਵੱਲੋਂ ਜਾਰੀ ਹੁਕਮਾਂ ਪ੍ਰਤੀ ਸਖਤ ਰੋਸ ਜਾਹਰ ਕਰਦਿਆਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਖਿਲਾਫ਼ ਨਾਅਰੇਬਾਜੀ ਕਰਦਿਆਂ ਜੰਮ ਕੇ ਪ੍ਦਸ਼ਨ ਕੀਤਾ ਗਿਆ। ਪ੍ਦਰਸ਼ਨ ਕਰ ਰਹੇ ਅੈਡਵੋਕੇਟ ਜਗਤਾਰ ਸਿੰਘ ਕਲੇਰ, ਰਵੀ ਬਾਂਸਲ, ਇਸ਼ਵਰ ਬਾਂਸਲ, ਵਿਜੇ ਗੋਇਲ, ਜਤਿਨ ਸਿੰਗਲਾ, ਸੁਰਿੰਦਰ ਆਸ਼ਟਾ, ਸੁਸ਼ੀਲ ਸਿੰਗਲਾ, ਅਸ਼ਵਨੀ ਗਰਗ, ਅਸ਼ਵਨੀ ਮਿੱਤਲ, ਸੁਖਵਿੰਦਰ ਸਿੰਘ ਆਸ਼ਟਾ,ਰਾਜਵੀਰ ਸਿੰਘ, ਸਤਨਾਮ ਸਿੰਘ ਰਾਜੀਵ ਸ਼ਰਮਾ ਸਮੇਤ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲਾਕਡਾਊਨ 'ਚ ਲੋਕਾਂ ਦੇ ਕੰਮ ਬੰਦ ਹੋ ਕੇ ਰਹਿ ਗਏ ਜਿਸਦੇ ਮੱਦੇਨਜ਼ਰ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਸੱਪਸ਼ਟ ਕਿਹਾ ਸੀ ਕਿ ਲਾਕਡਾਊਨ ਦੇ ਦੌਰਾਨ ਕੋਈ ਵੀ ਸਕੂਲ ਵਿਦਿਆਰਥੀਆਂ ਤੋਂ ਫੀਸ ਦੀ ਮੰਗ ਨਹੀਂ ਕਰੇਗਾ ਤੇ ਬਾਅਦ ਵਿੱਚ ਸਰਕਾਰ ਨੇ ਨਿੱਜੀ ਸਕੂਲ ਦੇ ਹੱਕ 'ਚ ਭੁਗਤਦਿਆਂ ਸਕੂਲਾਂ ਦੇ ਪ੍ਰਬੰਧਕਾਂ ਨੂੰ ਬੱਚਿਆਂ ਤੋਂ ਆਨਲਾਇਨ ਟਿਊਸ਼ਨ ਫੀਸ ਵਸੂਲਣ ਲਈ ਕਹਿ ਦਿੱਤਾ ਜਿਸ ਨਾਲ ਸਰਕਾਰ ਦਾ ਦੋਹਰਾ ਚਿਹਰਾ ਸਰੇਆਮ ਲੋਕਾਂ ਸਾਹਮਣੇ ਨੰਗਾ ਹੋ ਗਿਆ। ਇਸ ਮੌਕੇ ਮਾਪਿਆ ਨੇ ਗੁੱਸੇ ਭਰੇ ਲਹਿਜੇ ਵਿੱਚ ਕਿਹਾ ਕਿ ਵਟਸਐਪ 'ਤੇ ਮੈਸੇਜ ਭੇਜ ਕੇ ਪੜ੍ਹਾਈ ਨਹੀਂ ਹੁੰਦੀ ਤੇ ਨਾ ਹੀ ਬੱਚਿਆਂ ਦੇ ਡਾਊਟ ਕਲੀਰ ਹੁੰਦੇ ਹਨ ਪਰੰਤੂ ਇਸ ਨੂੰ ਹੀ ਆਨਲਾਇਨ ਪੜਾਈ ਕਹਿ ਕੇ ਹੁਣ ਨਿੱਜੀ ਸਕੂਲ ਸਰਕਾਰ ਦੀ ਕਥਿਤ ਸ਼ਹਿ 'ਤੇ ਮੋਬਾਇਲ ਫੋਨਾਂ ਰਾਹੀਂ ਸੰਦੇਸ਼ ਭੇਜ ਕੇ ਮਾਪਿਆਂ ਤੋਂ ਮਨਮਰਜੀ ਦੀਆਂ ਫੀਸਾਂ ਵਸੂਲਣ ਦੀ ਫਿਰਾਕ 'ਚ ਹਨ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕ ਸਾਲਾਨਾ ਖਰਚੇ ਨੂੰ ਮਹੀਨਾਵਾਰ ਟਿਊਸ਼ਨ ਫੀਸ 'ਚ ਜੋੜ ਕੇ ਮਾਪਿਆਂ ਦੀ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸਨੂੰ ਕਿਸੇ ਕੀਮਤ 'ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮਾਪਿਆਂ ਨੇ ਮੰਗ ਕਰਦਿਆਂ ਕਿਹਾ ਕਿ ਵੈਸੇ ਤਾਂ ਸਕੂਲ ਪ੍ਰਬੰਧਕਾਂ ਨੂੰ ਲਾਕਡਾਊਨ ਦੌਰਾਨ ਦੀ ਬੱਚਿਆ ਦੀ ਪੂਰੀ ਸਕੂਲ ਫੀਸ ਮੁਆਫ ਕਰਨੀ ਬਣਦੀ ਹੈ ਜੇਕਰ ਇਸ ਤਰ੍ਹਾਂ ਨਹੀਂ ਹੋ ਸਕਦਾ ਤਾਂ ਉਹ ਸਿਰਫ ਜਾਇਜ਼ ਰੂਪ 'ਚ ਬਣਦੀ ਟਿਊਸ਼ਨ ਭਰਨ ਨੂੰ ਤਿਆਰ ਹਨ ਨਾਲ ਹੀ ਮਾਪਿਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਿੱਜੀ ਸਕੂਲ ਅਤੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਮਾਪੇ ਤਿੱਖਾ ਸੰਘਰਸ਼ ਵਿੱਢਣ ਨੂੰ ਮਜਬੂਰ ਹੋਣਗੇ।
ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਖਿਲਾਫ਼ ਨਾਅਰੇਬਾਜੀ ਕਰਦੇ ਬੱਚਿਆਂ ਦੇ ਮਾਪੇ।