ਰੱਦ ਹੋਏ ਨੀਲੇ ਕਾਰਡਾਂ ਨੂੰ ਲੈ ਕੇ ਆਪ ਦਾ ਸੰਘਰਸ਼
ਕਾਰਡ ਚਾਲੂ ਕਰਵਾਉਣ ਲਈ ਅੈੱਸਡੀਅੈਮ ਨੂੰ ਦਿੱਤਾ ਮੰਗ ਪੱਤਰ

ਭਵਾਨੀਗੜ, 1 ਮਈ (ਗੁਰਵਿੰਦਰ ਸਿੰਘ): ਗਰੀਬ ਵਰਗ ਤੇ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ ਜਾਣ ਦੇ ਮਾਮਲੇ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੀ ਹਲਕਾ ਸੰਗਰੂਰ ਤੋਂ ਇੰਚਾਰਜ ਨਰਿੰਦਰ ਕੌਰ ਭਰਾਜ ਅਤੇ ਜਗਤਾਰ ਸਿੰਘ ਬਲਿਆਲ ਦੀ ਅਗਵਾਈ ਹੇਠ ਐਸ.ਡੀ.ਐਮ ਭਵਾਨੀਗੜ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਭਰਾਜ ਨੇ ਕਿਹਾ ਕਿ ਐੱਸ.ਡੀ.ਐਮ ਵਲੋਂ ਮਾਮਲੇ 'ਤੇ ਗੌਰ ਕਰਦਿਆਂ ਰੱਦ ਹੋਏ ਗਰੀਬ ਲੋਕਾਂ ਦੇ ਕਾਰਡਾਂ ਨੂੰ ਚਾਲੂ ਕਰਨ ਦਾ ਭਰੋਸਾ ਦਿੱਤਾ ਗਿਆ। ਭਰਾਜ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਬਲਾਕ ਭਵਾਨੀਗੜ੍ਹ ਦੇ ਪਿੰਡ ਬਲਿਆਲ, ਰਾਮਪੁਰਾ ਆਦਿ ਸਮੇਤ ਦਰਜਨਾਂ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ ਬਿਨ੍ਹਾਂ ਕਾਰਣ ਰੱਦ ਕਰ ਦਿੱਤੇ ਗਏ ਜਿਸ ਕਾਰਣ ਸੈੰਕੜੇ ਪਰਿਵਾਰ ਰਾਸ਼ਨ ਸਮੱਗਰੀ ਲੈਣ ਤੋਂ ਵਾਂਝੇ ਹੋ ਗਏ। ਆਪ ਆਗੂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਗਰੀਬਾਂ ਨੂੰ ਰਾਸਨ ਦੀ ਲੋੜ ਹੈ ਪਰੰਤੂ ਉਲਟਾ ਸਰਕਾਰ ਵੱਲੋਂ ਗਰੀਬ ਲੋੜਵੰਦਾਂ ਦੇ ਨੀਲੇ ਕਾਰਡ ਕੱਟੇ ਜਾ ਰਹੇ ਜੋ ਬਹੁਤ ਹੀ ਘਟੀਆ ਕਾਰਗੁਜ਼ਾਰੀ ਅਤੇ ਪੱਖਪਾਤ ਦੀ ਸਿਆਸਤ ਹੈ। ਭਰਾਜ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਇਹਨਾਂ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਚਾਲੂ ਨਾ ਕੀਤੇ ਗਏ ਤਾਂ ਉਨ੍ਹਾਂ ਦੀ ਪਾਰਟੀ ਵੱਲੋਂ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ, ਹਰਦੀਪ ਸਿੰਘ, ਰਾਜਿੰਦਰ ਗੋਗੀ, ਅਵਤਾਰ ਤਾਰੀ, ਹਰਵਿੰਦਰ ਸਿੰਘ,ਭੁਪਿੰਦਰ ਕਾਕੜਾ ਆਦਿ ਹਾਜ਼ਰ ਸਨ।
ਅੈਸ.ਡੀ.ਅੈੱਮ ਦੇ ਨਾਂ ਮੰਗ ਪੱਤਰ ਦਿੰਦੇ ਹੋਏ 'ਆਪ' ਵਲੰਟੀਅਰ।