ਨੀਲੇ ਕਾਰਡ ਰੱਦ ਕਰਨ ਖਿਲਾਫ 'ਆਪ' ਦੀ ਅਗਵਾਈ 'ਚ ਲੋਕਾਂ ਵੱਲੋਂ ਪ੍ਦਰਸ਼ਨ
3 ਲੋਕਾਂ ਨੇ ਭੁੱਖ ਹੜਤਾਲ 'ਤੇ ਬੈਠਣ ਦਾ ਕੀਤਾ ਅੈਲਾਣ

ਭਵਾਨੀਗੜ, 2 ਮਈ (ਗੁਰਵਿੰਦਰ ਸਿੰਘ): ਬਲਾਕ 'ਚ ਸੈਂਕੜੇ ਲੋੜਵੰਦ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ ਜਾਣ ਦੇ ਵਿਰੋਧ 'ਚ ਅੱਜ ਆਮ ਅਾਦਮੀ ਪਾਰਟੀ ਵੱਲੋਂ ਸੂਬਾ ਆਗੂ ਦਿਨੇਸ਼ ਬਾਂਸਲ ਦੀ ਅਗਵਾਈ ਹੇਠ ਸਥਾਨਕ ਫੂਡ ਸਪਾਲਾਈ ਦਫਤਰ ਵਿਖੇ ਗਰੀਬ ਲੋਕਾਂ ਦੇ ਹੱਕ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਹਾਜ਼ਰ ਆਪ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕਾਂ ਨੇ ਰਾਸ਼ਨ ਕਾਰਡ ਰੱਦ ਕਰਨ 'ਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਤੇ ਨਾਲ ਹੀ ਇਸ ਮੌਕੇ ਤਿੰਨ ਨੀਲੇ ਕਾਰਡ ਧਾਰਕਾਂ ਵੱਲੋਂ ਅਗਲੇ 24 ਘੰਟਿਆਂ ਲਈ ਭੁੱਖ ਹੜਤਾਲ 'ਤੇ ਬੈਠਣ ਦਾ ਅੈਲਾਣ ਕੀਤਾ। 'ਆਪ' ਆਗੂ ਦਿਨੇਸ਼ ਬਾਂਸਲ ਨੇ ਦੋਸ਼ ਲਗਾਇਆ ਕਿ ਰਾਜਨੀਤਿਕ ਵਿਤਕਰੇਬਾਜੀ ਦੇ ਚੱਲਦਿਆਂ ਬਲਾਕ ਭਵਾਨੀਗੜ ਵਿੱਚ 150 ਤੋਂ ਵੱਧ ਲੋੜਵੰਦ ਲੋਕਾਂ ਦੇ ਨੀਲੇ ਕਾਰਡ ਸਰਕਾਰ ਵੱਲੋਂ ਰੱਦ ਕਰ ਦਿੱਤੇ ਗਏ ਜਿਸ ਸਬੰਧੀ ਉਹ ਦੋ ਮਹੀਨੇ ਪਹਿਲਾਂ ਵੀ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੇ ਸਨ ਪਰੰਤੂ ਕੋਈ ਵੀ ਸੁਣਵਾਈ ਨਹੀਂ ਹੋਈ ਤੇ ਅੱਜ ਮਜਬੂਰੀਵਸ਼ ਲੋਕਾਂ ਨੂੰ ਪ੍ਰਦਰਸ਼ਨ ਕਰਨਾ ਪਿਆ। ਬਾਂਸਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਕੋਰੋਨਾ ਸੰਕਟ ਦੌਰਾਨ ਸੂਬੇ ਦੇ ਗਰੀਬ ਵਰਗ ਨੂੰ ਕੋਈ ਵਿਸ਼ੇਸ ਰਾਹਤ ਤਾਂ ਕੀ ਦੇਣੀ ਸੀ ਬਲਕਿ ਪਹਿਲਾ ਤੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਵੀ ਖੋਹ ਕੇ ਗਰੀਬ ਵਿਰੋਧੀ ਹੋਣ ਦਾ ਸਬੂਤ ਦਿੱਤਾ। ਅੱਜ ਸੈੱਕੜੇ ਪਰਿਵਾਰ ਸਰਕਾਰ ਦੀ ਇਸ ਵਿਤਕਰੇਬਾਜੀ ਦਾ ਸ਼ਿਕਾਰ ਹੋ ਕੇ ਅਪਣੇ ਹੱਕਾਂ ਦੀ ਪੂਰਤੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਦੂਰ ਹੋ ਰਹੇ ਹਨ। ਆਗੂ ਨੇ ਕਿਹਾ ਕਿ ਕੋਰੋਨਾ ਦੇ ਮੱਦੇਨਜ਼ਰ ਕੇੰਦਰ ਵੱਲੋਂ ਭੇਜੇ ਜਾ ਰਹੇ ਰਾਸ਼ਨ ਦਾ ਹੱਕਦਾਰ ਹਰੇਕ ਕਾਰਡ ਧਾਰਕ ਹੈ ਪਰੰਤੂ ਹੇਠਲੇ ਪੱਧਰ 'ਤੇ ਘਟੀਆ ਰਾਜਨੀਤੀ ਦਾ ਸਬੂਤ ਦੇ ਕੇ ਸੱਤਾਧਾਰੀ ਪਾਰਟੀ ਦੇ ਅਾਗੂਆਂ ਨੇ ਸੈੱਕੜੇ ਲੋਕਾਂ ਦੇ ਨਾਮ ਲਿਸਟਾਂ 'ਚੋਂ ਕੱਟਵਾ ਦਿੱਤੇ। ਬਾਂਸਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਨੀਲੇ ਕਾਰਡ ਧਾਰਕਾਂ ਦੇ ਨਾਂ ਦੁਬਾਰਾ ਲਿਸਟਾਂ 'ਚ ਸ਼ਾਮਲ ਨਾ ਕੀਤੇ ਤਾਂ ਪਾਰਟੀ ਵੱਲੋਂ ਇਸ ਤੋਂ ਵੀ ਤਿੱਖਾ ਸ਼ੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਭੁੱਖ ਹੜਤਾਲ 'ਤੇ ਬੈਠਣ ਵਾਲੇ ਗੁਰਪ੍ਰੀਤ ਸਿੰਘ ਬਲਿਆਲ, ਗੁਲਾਬ ਖਾਨ ਫੱਗੂਵਾਲਾ, ਬਲਕਾਰ ਸਿੰਘ ਬਲਿਆਲ ਤੋਂ ਇਲਾਵਾ ਹਰਭਜਨ ਸਿੰਘ ਹੈਪੀ, ਰਜਿੰਦਰ ਗੋਗੀ, ਹਰਮਨ ਸਿੰਘ, ਕਰਨੈਲ ਬੀੰਬੜ, ਹਰਮੇਲ ਸਿੰਘ ਬਟੜਿਆਨਾ, ਰਣਜੀਤ ਸਿੰਘ ਜੌਲੀਆ, ਬਲਜਿੰਦਰ ਬਾਲਦ, ਭੁਪਿੰਦਰ ਆਲੋਅਰਖ, ਗੁਰਪ੍ਰੀਤ ਆਲੋਅਰਖ, ਕੁਲਵੰਤ ਸਿੰਘ ਬਖੋਪੀਰ ਆਦਿ ਹਾਜ਼ਰ ਸਨ।
ਭਵਾਨੀਗੜ ਵਿਖੇ ਪੰਜਾਬ ਸਰਕਾਰ ਖਿਲਾਫ ਧਰਨੇ 'ਤੇ ਬੈਠੇ ਲੋਕ।