ਜਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਚ ਝੜੱਪ
ਮਾਹੌਲ ਹੋਇਆ ਤਨਾਅ ਪੂਰਨ

ਭਵਾਨੀਗੜ, 7 ਜੂਨ (ਗੁਰਵਿੰਦਰ ਸਿੰਘ): ਨੇੜਲੇ ਪਿੰਡ ਬਾਲਦ ਖੁਰਦ 'ਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਨੇ ਕਾਰ 'ਚ ਸਵਾਰ ਹੋ ਕੇ ਪਹੁੰਚੇ ਕੁੱਝ ਨੌਜਵਾਨਾਂ ਨੂੰ ਘੇਰ ਲਿਆ। ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਕੁੱਝ ਵਿਅਕਤੀਆਂ ਦਾ ਜਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਤੇ ਅੱਜ ਜਮੀਨ ਦੇ ਝਗੜੇ ਵਿੱਚ ਕੁੱਝ ਨੌਜਵਾਨ ਇੱਕ ਫਾਰਚੂਨਰ ਕਾਰ ਅਤੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਇੱਥੇ ਪਹੁੰਚ ਗਏ ਜਿਨ੍ਹਾਂ ਨੇ ਜਮੀਨ 'ਚ ਕੰਮ ਕਰ ਰਹੇ ਇੱਕ ਵਿਅਕਤੀ ਦੀ ਬੇਰਹਿਮੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਜਿਸਨੂੰ ਇਕੱਤਰ ਹੋਏ ਪਿੰਡ ਦੇ ਲੋਕਾਂ ਨੇ ਮੁਸ਼ਕਿਲ ਨਾਲ ਬਚਾਇਆ। ਇਸ ਉਪਰੰਤ ਪਿੰਡ ਦੇ ਭੜਕੇ ਲੋਕਾਂ ਨੇ ਵਿਅਕਤੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਦੀ ਵੀ ਪਿਟਾਈ ਕਰ ਦਿੱਤੀ। ਜਿਸ ਤੋਂ ਬਾਅਦ ਪਿੰਡ ਵਿੱਚ ਮਾਹੌਲ ਤਨਾਅਪੂਰਨ ਹੋ ਗਿਆ। ਹੰਗਾਮੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੇ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਇਹ ਜਮੀਨੀ ਵਿਵਾਦ ਦਾ ਕੇਸ ਹੈ ਅਤੇ ਮਾਮਲੇ ਦੀ ਜਾਂਚ ਕਰਨ ਲਈ ਧਿਰਾਂ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ। ਓਧਰ ਦੂਜੇ ਪਾਸੇ ਕਾਰ ਤੇ ਮੋਟਰਸਾਇਕਲ 'ਤੇ ਪਿੰਡ ਆਏ ਵਿਅਕਤੀਆਂ ਦਾ ਕਹਿਣਾ ਸੀ ਕਿ ਉਹ ਅਪਣੇ ਰਿਸ਼ਤੇਦਾਰ ਦੀ ਜਮੀਨ ਦੇ ਮਾਮਲੇ ਨੂੰ ਸੁਲਝਾਉਣ ਲਈ ਇੱਥੇ ਆਏ ਸਨ ਜਿੱਥੇ ਇਹ ਵਿਵਾਦ ਖੜਾ ਹੋ ਗਿਆ। ਮਾਮਲੇ 'ਚ ਪਿੰਡ ਦੇ ਲੋਕਾਂ ਨੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ ਪੁਲਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਲੋਕਾਂ ਨੇ ਕਿਹਾ ਕਿ ਜੇਕਰ ਅੱਜ ਲੋਕ ਮੌਕੇ 'ਤੇ ਸਮੇਂ ਸਿਰ ਨਾ ਪਹੁੰਚਦੇ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਇਸ ਸਬੰਧੀ ਭਵਾਨੀਗੜ ਥਾਣਾ ਮੁਖ ਅਫ਼ਸਰ ਰਮਨਦੀਪ ਸਿੰਘ ਨੇ ਕਿਹਾ ਕਿ ਮਾਮਲੇ ਸਬੰਧੀ ਪੁਲਸ ਵੱਲੋਂ ਪਰਚਾ ਦਰਜ ਕੀਤਾ ਜਾ ਰਿਹਾ ਹੈ।
ਘਟਨਾਸਥਾਨ 'ਤੇ ਪਹੁੰਚੀ ਪੁਲਸ ਤੇ ਇਕੱਤਰ ਹੋਈ ਲੋਕਾਂ ਦੀ ਭੀੜ।