ਭਵਾਨੀਗੜ, 17 ਜੂਨ (ਗੁਰਵਿੰਦਰ ਸਿੰਘ): ਮੀਡੀਆ ਵਿਰੁੱਧ ਬਦਜੁਬਾਨੀ ਨੂੰ ਲੈ ਕੇ ਪੰਜਾਬੀ ਗਾਇਕ ਸਿੱਧੂਮੂਸੇਵਾਲਾ ਦੇ ਖਿਲਾਫ ਪੱਤਰਕਾਰ ਭਾਈਚਾਰੇ ਵਿੱਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਉੱਕਤ ਗਾਇਕ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਡੈਮੋਕ੍ਰੇਟਿਕ ਪ੍ਰੈੱਸ ਕਲੱਬ ਤੇ ਸਿਟੀ ਪ੍ਰੈੱਸ ਕਲੱਬ ਭਵਾਨੀਗੜ ਦੇ ਅਹੁਦੇਦਾਰਾਂ ਵੱਲੋਂ ਐਸ.ਐਸ.ਪੀ. ਸੰਗਰੂਰ ਦੇ ਨਾਂ ਗੋਬਿੰਦਰ ਸਿੰਘ ਡੀਅੈੱਸਪੀ ਭਵਾਨੀਗੜ ਨੂੰ ਇੱਕ ਮੰਗ ਪੱਤਰ ਸੌੰਪਿਆ ਗਿਆ। ਇਸ ਤੋਂ ਪਹਿਲਾਂ ਸਾਂਝੀ ਮੀਟਿੰਗ ਦੌਰਾਨ ਦੋਵੇਂ ਪ੍ਰੈੱਸ ਕਲੱਬਾਂ ਵੱਲੋਂ ਸਿੱਧੂਮੂਸੇਵਾਲਾ ਖ਼ਿਲਾਫ਼ ਨਿਖੇਧੀ ਮਤਾ ਪਾਸ ਕੀਤਾ ਗਿਆ। ਇਸ ਮੌਕੇ ਹਾਜ਼ਰ ਪੱਤਰਕਾਰਾਂ ਨੇ ਕਿਹਾ ਕਿ ਸਿੱਧੂਮੁੱਸੇਵਾਲਾ ਵੱਲੋਂ ਮੀਡੀਆ ਕਰਮੀਆਂ ਖ਼ਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ ਤੇ ਧਮਕੀਆਂ ਦੇਣ ਲਈ ਕਾਰਵਾਈ ਦੀ ਉਹ ਪੁਰਜੋਰ ਸ਼ਬਦਾਂ 'ਚ ਨਿਖੇਧੀ ਕਰਦੇ ਹਨ ਤੇ ਪੁਲਸ ਪ੍ਰਸ਼ਾਸ਼ਨ ਤੋਂ ਗਾਇਕ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦੇ ਹਨ। ਡੈਮੋਕ੍ਰੇਟਿਕ ਪ੍ਰੈੱਸ ਕਲੱਬ ਦੇ ਸੂਬਾ ਪ੍ਰਧਾਨ ਰਵੀ ਅਾਜ਼ਾਦ ਤੇ ਇਕਾਈ ਪ੍ਰਧਾਨ ਜਰਨੈਲ ਸਿੰਘ ਮਾਝੀ ਅਤੇ ਸਿਟੀ ਪ੍ਰੈੱਸ ਕਲੱਬ ਦੇ ਪ੍ਰਧਾਨ ਮੁਕੇਸ਼ ਸਿੰਗਲਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਖਿਲਾਫ ਆਰਮਜ ਐਕਟ ਤਹਿਤ ਕੇਸ ਦਰਜ ਹੋ ਚੁੱਕਾ ਹੈ ਪਰ ਉਸ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਹੀ ਉਸ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ। ਪ੍ਰੈੱਸ ਨੂੰ ਧਮਕੀਆਂ ਦੇਣਾ ਇਸ ਦਾ ਨਤੀਜਾ ਹੈ। ਪੱਤਰਕਾਰ ਭਾਈਚਾਰੇ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਿੱਧੂ ਮੁਸੇਵਾਲਾ ਖਿਲਾਫ਼ ਜਲਦ ਕਾਰਵਾਈ ਨਹੀਂ ਕੀਤੀ ਗਈ ਤਾਂ ਸ਼ੰਘਰਸ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਮਿੱਤਲ, ਵਿਜੈ ਗਰਗ, ਗੁਰਵਿੰਦਰ ਸਿੰਘ ਰੋਮੀ, ਇਕਬਾਲ ਬਾਲੀ, ਕੰਵਲਜੀਤ ਝਨੇੜੀ, ਮਨੋਜ ਸ਼ਰਮਾ, ਸੋਹਣ ਸਿੰਘ ਸੋਢੀ, ਸੰਜੀਵ ਝਨੇੜੀ, ਨਵੀਨ ਮਿੱਤਲ ਆਦਿ ਹਾਜ਼ਰ ਸਨ।
ਡੀਅੈੱਸਪੀ ਭਵਾਨੀਗੜ ਨੂੰ ਮੰਗ ਪੱਤਰ ਦਿੰਦੇ ਹੋਏ ਪ੍ਰੈੱਸ ਕਲੱਬ ਦੇ ਅਹੁਦੇਦਾਰ।