.ਕੈਬਨਿਟ ਮੰਤਰੀ ਦਾ ਫੂਕਿਆ ਪੁਤਲਾ ਤੇ ਕੀਤੀ ਜ਼ੋਰਦਾਰ ਨਾਰੇਬਾਜੀ
ਮੰਤਰੀ ਦੀ ਸਹਿ ਤੇ ਮਾਰਿਆ ਜਾ ਰਿਹਾ ਗਰੀਬਾਂ ਦਾ ਹੱਕ :-ਕਮੇਟੀ ਆਗੂ

ਭਵਾਨੀਗੜ 25 ਜੂਨ {ਗੁਰਵਿੰਦਰ ਸਿੰਘ} ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਇਕਾਈ ਪ੍ਧਾਨ ਗੁਰਚਰਨ ਸਿੰਘ ਘਰਾਚੋਂ ਨੇ ਦੱਸਿਆ ਕਿ ਪਿੰਡ ਘਰਾਚੋਂ ਵਿੱਚ ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜਮੀਨ ਦੀ ਬੋਲੀ ਨਿਯਮਾਂ ਅਨੁਸਾਰ 174 ਪਰਿਵਾਰਾਂ ਨੂੰ ਸਾਂਝੀ ਖੇਤੀ ਲਈ ਦੇਣ ਦੀ ਬਜਾਏ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਸ਼ਹਿ ਤੇ ਪਿੰਡ ਦੇ ਕਾਂਗਰਸੀ ਚੌਧਰੀਆਂ ਦੇ ਚਹੇਤਿਆਂ ਦੇ ਨਾਮ ਬੋਲੀ ਤੋੜਕੇ ਦਲਿਤਾਂ ਦੇ ਹੱਕਾਂ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਧੱਕੇਸ਼ਾਹੀ ਦੇ ਖਿਲਾਫ਼ ਪਿਛਲੇ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਪਰਸਾਸ਼ਨ ਡੰਮੀ ਬੋਲੀ ਰੱਦ ਕਰਨ ਦੀ ਬਜਾਏ ਟਾਲਮਟੋਲ ਕਰਦਾ ਨਜ਼ਰ ਆ ਰਿਹਾ ਹੈ। ਉਹਨਾ ਕਿਹਾ ਕਿ ਝੋਨੇ ਦੇ ਇਸ ਸੀਜਨ ਵਿੱਚ ਮਜਦੂਰਾਂ ਨੂੰ ਕੰਮ ਛੱਡ ਕੇ ਜਮੀਨ ਵਿੱਚ ਪਹਿਰਾ ਦੇਣਾ ਪੈ ਰਿਹਾ ਹੈ। ਉਹਨਾ ਸਿਵਿਲ ਪਰਸਾਸ਼ਨ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸੰਗਰੂਰ ਦੀ ਅਫਸਰਸ਼ਾਹੀ ਕਾਂਗਰਸੀ ਚੌਧਰੀਆਂ ਅੱਗੇ ਬੇਬਸ ਨਜਰ ਆ ਰਹੀ ਹੈ ਅਤੇ ਦਲਿਤਾਂ ਨਾਲ ਇਨਸਾਫ਼ ਕਰਨ ਦੀ ਬਜਾਏ ਉਨ੍ਹਾਂ ਨੂੰ ਅੱਤ ਦੀ ਗਰਮੀ ਵਿੱਚ ਸੜਕਾਂ ਤੇ ਆਉਣ ਲਈ ਮਜਬੂਰ ਕਰ ਰਹੀ ਹੈ। ਉਹਨਾ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਖਿਲਾਫ਼ ਜੋਰਦਾਰ ਨਾਅਰੇਬਾਜੀ ਕਰਦਿਆਂ ਐਲਾਨ ਕੀਤਾ ਕਿ ਆਪਣੇ ਹਿੱਸੇ ਦੀ ਜਮੀਨ ਦੀ ਪ੍ਰਾਪਤੀ ਲਈ ਉਹ ਆਪਣੀ ਜਾਨ ਵੀ ਕੁਰਬਾਨ ਕਰਨ ਲਈ ਤਿਆਰ ਹਨ। ਜੇਕਰ ਉਨ੍ਹਾਂ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਕੀਤੀ ਗਈ ਤਾਂ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਸਮੇਤ ਹਰ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਣ ਲਈ ਤਿਆਰ ਹਨ ਇਸ ਮੌਕੇ ਮਿੱਠੂ ਸਿੰਘ,ਗਗਨਦੀਪ,ਮੱਘਰ ਸਿੰਘ ਜੰਟਾ ਸਿੰਘ ਜੈਪਾਲ ਸਿੰਘ ਚਰਨਜੀਤ ਕੌਰ ਸੁਖਪਾਲ ਕੌਰ ਕੇਵਲ ਸਿੰਘ ਰਾਜ ਕੌਰ ਆਦਿ ਹਾਜ਼ਰ ਸਨ।