ਭਵਾਨੀਗੜ੍ਹ, 6 ਜੁਲਾਈ {ਗੁਰਵਿੰਦਰ ਸਿੰਘ}
ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਬੀਰ ਦੇ ਆਦੇਸ਼ਾਂ ਅਨੁਸਾਰ ਅੱਜ ਖੇਤੀਬਾੜੀ ਵਿਭਾਗ ਭਵਾਨੀਗੜ੍ਹ ਵੱਲੋਂ ਨੇੜਲੇ ਪਿੰਡ ਨਰੈਣਗੜ੍ਹ ਵਿਖੇ ਟਿੱਡੀ ਦਲ ਦੇ ਸੰਭਾਵਿਤ ਹਮਲੇ ਦੇ ਬਚਾਅ ਲਈ ਮੌਕ ਡਰਿੱਲ ਕਰਵਾਈ ਗਈ।
ਇਸ ਮੌਕੇ ਸ੍ਰੀ ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਧਿਕਾਰੀ ਭਵਾਨੀਗੜ੍ਹ ਨੇ ਕਿਸਾਨਾਂ ਨੂੰ ਦੱਸਿਆ ਕਿ ਟਿੱਡੀ ਦਲ ਦਾ ਹਮਲਾ ਰਾਜਸਥਾਨ ਦੇ ਖੇਤਰ ਵਿੱਚ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਟਿੱਡੀ ਦਲ ਪੰਜਾਬ ਵੱਲ ਆਉਂਦਾ ਹੈ ਤਾਂ ਇਸ ਸਬੰਧੀ ਕਿਸਾਨਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟਰੈਕਟਰ ਮਾਊਂਟਡ ਸਪਰੇਅ ਪੰਪ, ਪਾਣੀ ਵਾਲੇ ਟੈਂਕਰ ਅਤੇ ਸਰਚ ਲਾਈਟਾਂ ਦੇ ਪ੍ਰਬੰਧ ਲਈ ਵੱਖ-ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਅਤੇ ਦਵਾਈ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਕਿਸਾਨਾਂ ਦੇ ਸਹਿਯੋਗ ਦੀ ਅਹਿਮ ਲੋੜ ਹੈ। ਇਸ ਮੌਕੇ ਬਲਵੰਤ ਸਿੰਘ, ਰਾਮਪਾਲ ਸਿੰਘ, ਗੁਰਚੈਨ ਸਿੰਘ, ਕੁਲਵਿੰਦਰ ਸਿੰਘ ਸਕੱਤਰ ਅਤੇ ਕੁਲਦੀਪ ਸਿੰਘ ਵੀ ਹਾਜਰ ਸਨ।
ਟਿੱਡੀ ਦਲ ਦੇ ਸੰਭਾਵਿਤ ਹਮਲੇ ਦੇ ਸਬੰਧੀ ਜਾਗਰੂਕ ਕਰਦੇ ਹੋਏ ਖੇਤੀਬਾੜੀ ਅਧਿਕਾਰੀ ਮਨਦੀਪ ਸਿੰਘ।