ਲੌਂਗੋਵਾਲ7 ਜੁਲਾਈ (ਜਗਸੀਰ ਸਿੰਘ )ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਲਾਈਟ ਮੈਨੇਜਮੈਂਟ ਦੇ ਖਿਲਾਫ ਸੰਸਥਾ ਦੇ ਗੇਟ ਤੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਗਿਆ ।ਇਸ ਮੌਕੇ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕਾਲਜ ਵਿੱਚੋਂ ਦੀ ਲੰਘਦੇ ਆਮ ਰਸਤੇ ਨੂੰ ਸਲਾਈਟ ਪ੍ਸ਼ਾਸਨ ਵੱਲੋਂ ਦੋਵੇਂ ਪਾਸੇ ਗੇਟ ਲਗਾ ਕੇ ਬੰਦ ਕੀਤਾ ਹੋਇਆ ਹੈ ਅਤੇ ਇਸ ਵਿੱਚੋਂ ਲੰਘਦੇ ਨਹਿਰੀ ਖਾਲ ਨੂੰ ਵੀ ਥਾਂ ਥਾਂ ਤੋਂ ਸਲਾਈਟ ਵੱਲੋਂ ਭੰਨਿਆ ਗਿਆ ਹੈ ਜਿਸ ਕਾਰਨ ਕਿਸਾਨਾਂ ਨੂੰ ਪਾਣੀ ਨਹੀਂ ਜਾ ਰਿਹਾ । ਇਨ੍ਹਾਂ ਦੋਨਾਂ ਮੰਗਾਂ ਨੂੰ ਲੈ ਕੇ ਅੱਜ ਧਰਨਾ ਦਿੱਤਾ ਗਿਆ ਅਤੇ ਨਾਇਬ ਤਹਿਸੀਲਦਾਰ ਲੌਂਗੋਵਾਲ ਮੈਡਮ ਊਸ਼ਾ ਰਾਣੀ ਨੇ ਧਰਨੇ ਵਿੱਚ ਆ ਕੇ ਮੰਗ ਪੱਤਰ ਲਿਆ । ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਦਰਸ਼ਨ ਕੁੰਨਰਾਂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਲੌਂਗੋਵਾਲ ਤੋਂ ਦੁੱਗਾਂ ਨੂੰ ਵਾਇਆ ਸਲਾਈਟ ਰਸਤਾ ਜਾਂਦਾ ਹੈ ਜਿਸ ਤੇ ਸਲਾਈਟ ਮੈਨਜਮੈਂਟ ਨੇ ਗੈਰਕਾਨੂੰਨੀ ਤਰੀਕੇ ਨਾਲ ਦੋਵੇਂ ਪਾਸੇ ਗੇਟ ਲਗਵਾ ਕੇ ਬੰਦ ਕੀਤਾ ਗਿਆ ਹੈ ਜਿਸ ਤੋਂ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ ਇਸੇ ਤਰ੍ਹਾਂ ਲੌਂਗੋਵਾਲ ਰਜਬਾਹੇ ਤੋਂ ਕੈਂਬੋਵਾਲ ਪਿੰਡੀ ਦੇ ਕਿਸਾਨਾਂ ਦੇ ਖੇਤਾਂ ਨੂੰ ਸਲਾਈਟ ਵਿੱਚੋਂ ਵੀ ਨਹਿਰੀ ਖਾਲ ਜਾਂਦਾ ਹੈ ਜਿਸਨੂੰ ਵੀ ਮੈਨੇਜਮੈਂਟ ਵੱਲੋਂ ਗਲਤ ਤਰੀਕੇ ਨਾਲ ਤੋੜਿਆ ਹੋਇਆ ਹੈ । ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਲਇਟ ਪ੍ਰਬੰਧਕਾਂ ਵੱਲੋਂ ਇਲਾਕੇ ਆਮ ਲੋਕਾਂ ਨਾਲ ਸਬੰਧਤ ਇਨ੍ਹਾਂ ਮਸਲਿਆਂ ਤੇ ਧੱਕਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ।ਆਗੂਆਂ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ ਦਸ ਦਿਨਾਂ ਦੇ ਵਿੱਚ ਵਿੱਚ ਉਕਤ ਮੰਗਾਂ ਹੱਲ ਨਾ ਕੀਤੀਆਂ ਤਾਂ ਸਲਾਈਟ ਦਾ ਪੂਰੀ ਤਰ੍ਹਾਂ ਘਿਰਾਓ ਕੀਤਾ ਜਾਵੇਗਾ ।ਜਿਸਦਾ ਜਿੰਮੇਵਾਰ ਸਲਾਈਟ ਪ੍ਰਸ਼ਾਸਨ ਅਤੇ ਸੰਗਰੂਰ ਦਾ ਪ੍ਸ਼ਾਸਨ ਹੋਵੇਗਾ ।ਅੱਜ ਦੇ ਰੋਸ ਧਰਨੇ ਵਿੱਚ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਭਰਪੂਰ ਸਿੰਘ ਦੁੱਗਾਂ, ਜੱਗਰ ਸਿੰਘ ਅਤੇ ਨੌਜਵਾਨ ਯੂਥ ਸਪੋਰਟਸ ਕਲੱਬ ਦੁੱਗਾਂ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੁੱਗਾਂ ਸਮੇਤ ਵੱਡੀ ਗਿਣਤੀ ਨੌਜਵਾਨ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪੰਮੀ ਪ੍ਰਧਾਨ, ਹਿੰਮਤ ਸਿੰਘ ,ਗੁਰਮੇਲ ਸਿੰਘ , ਦਲਵਾਰਾ ਸਿੰਘ ਸਮੇਤ ਕਿਰਤੀ ਕਿਸਾਨ ਯੂਨੀਅਨ ਦੇ ਲੌਂਗਵਾਲ ਇਕਾਈ ਪ੍ਧਾਨ ਹਰਦੇਵ ਸਿੰਘ ਦੁੱਲਟ, ਭੋਲਾ ਸਿੰਘ ਪਨਾੰਚ, ਗੁਰਮੀਤ ਸਿੰਘ ਕੁੰਨਰਾਂ ,ਜਸਦੀਪ ਸਿੰਘ ਬਹਾਦਰਪੁਰ ,ਮਿੱਠੂ ਸਿੰਘ, ਬਲਜੀਤ ਸਿੰਘ ਦੁੱਗਾਂ ਸਮੇਤ ਇਲਾਕੇ ਦੇ ਵੱਡੀ ਗਿਣਤੀ ਕਿਸਾਨ ਤੇ ਨੌਜਵਾਨ ਹਾਜ਼ਰ ਸਨ ।
ਕੀ ਕਹਿੰਦੇ ਹਨ ਸਲਾਇਟ ਸੰਸਥਾ ਪ੍ਬੰਧਕ :-
ਇਸ ਮਸਲੇ ਸਬੰਧੀ ਜਦੋਂ ਸਲਾਇਟ ਦੇ ਡੀਨ ਅਕਾਦਮਿਕ ਡਾ. ਏ. ਐਸ ਅਰੋੜਾ ਅਤੇ ਪਬਲਿਕ ਰਿਲੇਸ਼ਨ ਅਫ਼ਸਰ ਡਾ.ਦਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਆਉਣ ਜਾਣ ਵਾਲੇ ਲੋਕਾਂ ਲਈ ਕੋਈ ਵੀ ਰਸਤਾ ਬੰਦ ਨਹੀਂ ਕੀਤਾ ਗਿਆ ਹੈ ਸਗੋਂ ਰੋਜ਼ਾਨਾ ਸੈਂਕੜੇ ਲੋਕ ਇੱਥੋਂ ਦੀ ਗੁਜ਼ਰਦੇ ਹਨ । ਉਨ੍ਹਾਂ ਦੱਸਿਆ ਕਿ ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਭਾਰਤ ਸਰਕਾਰ ਦੀਆਂ ਮੁਤਾਬਕ ਆਉਣ ਜਾਣ ਵਾਲੇ ਵਿਅਕਤੀਆਂ ਦੀ ਚੈਕਿੰਗ ਜ਼ਰੂਰ ਕੀਤੀ ਜਾ ਰਹੀ ਸੀ ਪਰ ਰਸਤਾ ਬੰਦ ਕਰਨ ਦੀਆਂ ਅਫਵਾਹਾਂ ਬਿਲਕੁਲ ਗਲਤ ਹਨ ।ਉਨ੍ਹਾਂ ਅੱਗੇ ਕਿਹਾ ਕਿ ਸਲਾਈਟ ਸੰਸਥਾ ਦੇ ਆਲੇ ਦੁਆਲੇ ਰਹਿਣ ਵਾਲੇ ਲੋਕ ਵੀ ਸਾਡਾ ਪਰਿਵਾਰ ਹਨ ਅਤੇ ਉਨ੍ਹਾਂ ਨੂੰ ਸੰਸਥਾ ਵਿੱਚੋਂ ਲੰਘਣ ਲਈ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ।