ਭਵਾਨੀਗੜ 19 ਅਗਸਤ {ਗੁਰਵਿੰਦਰ ਸਿੰਘ} ਬੀਤੇ ਦਿਨੀਂ ਲੋਕ ਇਨਸਾਫ਼ ਪਾਰਟੀ ਦੇ ਪ੍ਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਪਾਰਟੀ ਸਰਪ੍ਰਸਤ ਵਿਧਾਇਕ ਬਲਵਿੰਦਰ ਸਿੰਘ ਬੈਂਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ ਜਿਸ ਦਾ ਮੁੱਖ ਏਜੰਡਾ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਆਰਡੀਨੈਂਸ ਨੂੰ ਰੱਦ ਕਰਨ ਸਬੰਧੀ ਰਿਹਾ। ਇਸ ਮੌਕੇ ਲੋਕ ਇਨਸਾਫ ਪਾਰਟੀ ਨੇ ਮੰਗ ਕੀਤੀ ਸੀ ਕਿ ਜੋ ਕੈਪਟਨ ਸਰਕਾਰ ਇਕ ਦਿਨ ਦਾ ਵਿਧਾਨ ਸਭਾ ਦਾ ਲੰਗੜਾ ਸੈਸ਼ਨ ਬੁਲਾ ਰਹੀ ਹੈ ਉਸ ਦੌਰਾਨ ਜੇਕਰ ਹੋਰ ਕੁਝ ਨਹੀਂ ਤਾਂ ਘੱਟੋ-ਘੱਟ ਇਸ ਕੇਂਦਰੀ ਆਰਡੀਨੈਂਸ ਨੂੰ ਰੱਦ ਕਰਨ ਦਾ ਮਤਾ ਵਿਧਾਨ ਸਭਾ ਵਿੱਚ ਪਾਸ ਕਰੇ ਅਤੇ ਇਸ ਮੁੱਦੇ ਤੇ ਲੋਕ ਇਨਸਾਫ਼ ਪਾਰਟੀ ਵੀ ਪੰਜਾਬ ਸਰਕਾਰ ਨੂੰ ਸਮਰਥਨ ਦੇਣ ਲਈ ਤਿਆਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਗਟਾਵਾ ਲੋਕ ਇਨਸਾਫ਼ ਪਾਰਟੀ (ਯੂਥ ਵਿੰਗ) ਦੇ ਕੌਮੀ ਪ੍ਧਾਨ ਤਲਵਿੰਦਰ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਦੌਰਾਨ ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਕੈਪਟਨ ਸਰਕਾਰ ਇਸ ਵਾਰ ਵੀ ਬਹੁਤ ਛੋਟਾ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਆਪਣੀਆਂ ਕਮੀਆਂ ਅਤੇ ਨਾਕਾਮੀਆਂ ਲੁਕਾਉਣਾ ਚਾਹੁੰਦੀ ਹੈ। ਮਾਨ ਨੇ ਅੱਗੇ ਕਿਹਾ ਕਿ ਪੰਜਾਬ ਦੇ ਸੈਂਕੜੇ ਮੁੱਦੇ ਜਿਵੇਂ ਕਿ ਨਸ਼ਾ, ਬੇਰੁਜ਼ਗਾਰੀ, ਗ਼ੈਰ ਕਾਨੂੰਨੀ ਮਾਈਨਿੰਗ, ਅਫ਼ਸਰਸ਼ਾਹੀ ਦੀ ਲੁੱਟ-ਘਸੁੱਟ ਤੇ ਰਿਸ਼ਵਤਖੋਰੀ, ਪੰਜਾਬ ਦੇ ਪਾਣੀਆਂ ਦੇ ਬਿੱਲ ਭੇਜਣ ਸਬੰਧੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸਬੰਧੀ, ਪੰਜਾਬ ਚ' ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਬੰਧੀ ਅਤੇ ਹੋਰ ਵੀ ਅਜਿਹੇ ਅਨੇਕਾਂ ਗੰਭੀਰ ਮੁੱਦੇ ਕੀ ਇੱਕ ਦਿਨ ਵਿੱਚ ਵਿਚਾਰੇ ਜਾ ਸਕਦੇ ਹਨ ਉਨ੍ਹਾਂ ਅੱਗੇ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਸਾਹਿਬ ਇਸ ਇੱਕ ਦਿਨਾਂ ਲੰਗੜੇ ਸੈਸ਼ਨ ਨੂੰ ਬੁਲਾਉਣ ਦਾ ਕਾਰਨ ਕਰੋਨਾ ਬਿਮਾਰੀ ਦੱਸ ਰਹੇ ਹਨ ਪਰ ਕੀ ਕਰੋਨਾ ਬਿਮਾਰੀ ਸਪੀਕਰ ਸਾਹਿਬ ਨੂੰ ਇਹ ਦੱਸਕੇ ਗਈ ਹੈ ਕਿ ਇੱਕ ਦਿਨ ਦਾ ਸੈਸ਼ਨ ਬੁਲਾਉਣ ਨਾਲ ਕਰੋਨਾ ਨਹੀਂ ਹੋਵੇਗਾ ਅਤੇ ਇੱਕ ਤੋਂ ਵੱਧ ਦਿਨ ਦਾ ਸੈਸ਼ਨ ਬੁਲਾਉਣ ਨਾਲ ਕਰੋਨਾ ਹੋਵੇਗਾ ਉਨ੍ਹਾਂ ਕਿਹਾ ਕਿ ਅਸਲ ਵਿੱਚ ਕੈਪਟਨ ਸਰਕਾਰ ਪੰਜਾਬ ਵਿੱਚ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਕਰੋਨਾ ਦਾ ਬਹਾਨਾ ਬਣਾ ਰਹੀ ਹੈ। ਪਰ ਜੇਕਰ ਇਸ ਸੈਸ਼ਨ ਵਿੱਚ ਕੇਂਦਰੀ ਆਰਡੀਨੈਂਸ ਦਾ ਭੋਗ ਵਿਧਾਨ ਸਭਾ ਵਿੱਚ ਕੈਪਟਨ ਸਰਕਾਰ ਨੇ ਨਾ ਪਾਇਆ ਤਾਂ ਲੋਕ ਇਨਸਾਫ ਪਾਰਟੀ ਵੱਲੋਂ ਪਹਿਲਾਂ ਦੀ ਤਰ੍ਹਾਂ ਕਿਸਾਨਾਂ ਦੇ ਹੱਕਾਂ ਵਿੱਚ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਅਤੇ ਕਿਸੇ ਵੀ ਹਾਲਤ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ।