ਲੀਡਰ ਨਹੀਂ ਵੜਨਗੇ ਘਰਾਚੋਂ
ਭਾਕਿਯੂ ਨੇ ਮੰਤਰੀ ਵਿਧਾਇਕਾਂ ਤੇ ਘਰਾਚੋਂ ਵਿੱਚ ਦਾਖਲ ਹੋਣ ਦੀ ਮਨਾਹੀ ਦਾ ਕੀਤਾ ਐਲਾਨ

ਭਵਾਨੀਗੜ, 21 ਅਗਸਤ (ਗੁਰਵਿੰਦਰ ਸਿੰਘ)ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਬਲਾਕ ਭਵਾਨੀਗੜ੍ਹ ਦੇ ਪਿੰਡ ਘਰਾਚੋਂ ਇਕਾਈ ਦੀ ਮੀਟਿੰਗ ਰਘਵੀਰ ਸਿੰਘ ਦੀ ਪ੍ਰਧਾਨਗੀ ਹੇਠ ਧਰਮਸ਼ਾਲਾ ਚਾਂਦ ਪੱਤੀ ਵਿਖੇ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਆਗੂ ਸਤਵਿੰਦਰ ਸਿੰਘ, ਹਰਜਿੰਦਰ ਸਿੰਘ ਘਰਾਚੋਂ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਅਤੇ ਬਘੇਲ ਸਿੰਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਕਿਸਾਨਾਂ, ਮਜਦੁਰਾਂ ਅਤੇ ਮੁਲਾਜਮਾਂ ਖਿਲਾਫ ਪਾਸ ਕੀਤੇ ਤਿੰਨ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਪਿੰਡਾਂ ਵਿੱਚ 24 ਤੋਂ 29 ਅਗਸਤ ਤੱਕ ਮੋਰਚੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਪ੍ਰੋਗਰਾਮਾਂ ਤਹਿਤ ਪਿੰਡ ਵਿੱਚ ਨਾਕੇਬੰਦੀ ਕੀਤੀ ਜਾਵੇਗੀ ਅਤੇ ਅਕਾਲੀ-ਭਾਜਪਾ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਪਿੰਡ ਵਿੱਚ ਦਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦੂਜੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਆਰਡੀਨੈਂਸਾਂ ਸਬੰਧੀ ਸਵਾਲ ਜਵਾਬ ਕੀਤੇ ਜਾਣਗੇ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਵੀ ਨਿਖੇਧੀ ਕੀਤੀ। ਮੀਟਿੰਗ ਵਿੱਚ ਮੀਤ ਪ੍ਰਧਾਨ ਰਘਵੀਰ ਸਿੰਘ, ਇਕਾਈ ਦੇ ਆਗੂ ਬਚਨ ਸਿੰਘ, ਗੁਰਮੁਖ ਸਿੰਘ, ਬਲਵਿੰਦਰ ਸਿੰਘ, ਪਿੰਦਰ ਸਿੰਘ ਘੁਮਾਣ, ਤਰਨਜੀਤ ਸਿੰਘ, ਗੁਲਜਾਰ ਸਿੰਘ, ਸੰਦੀਪ ਘੁਮਾਣ, ਹਰਜੀਤ ਸਿੰਘ, ਨਰਿੰਦਰ ਨਿੰਦੀ ਅਤੇ ਮੇਜਰ ਸਿੰਘ ਸਮੇਤ ਕਾਫੀ ਕਿਸਾਨ ਹਾਜਰ ਸਨ।
ਘਰਾਚੋਂ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ।