ਲੌਂਗੋਵਾਲ,27 ਸਤੰਬਰ (ਜਗਸੀਰ ਸਿੰਘ) - ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਅੱਜ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਖਿਲਾਫ਼ ਪਾਸ ਕੀਤੇ ਆਰਡੀਨੈੰਸਾ ਦੇ ਵਿਰੋਧ ਵਿੱਚ ਧਨੌਲਾ ਦੇ ਬੱਸ ਸਟੈਂਡ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਭਾਜਪਾ ਦੇ ਸੀਨੀਅਰ ਲੀਡਰ ਸੁਖਵੰਤ ਸਿੰਘ ਧਨੌਲਾ ਦੇ ਘਰ ਦਾ ਘਿਰਾਓ ਕੀਤਾ ਪਰ ਉਹ ਘਰ ਮੌਜੂਦ ਨਹੀ ਸਨ । ਇਸ ਸਬੰਧੀ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਨੇ ਜਦੋਂ ਉਨ੍ਹਾਂ ਨਾਲ ਫੋਨ ਤੇ ਗੱਲ ਕੀਤੀ ਤਾਂ ਪਹਿਲਾਂ ਤਾਂ ਉਹ ਬਿਲ ਪਾਸ ਹੋਣ ਦੇ ਹੱਕ ਵਿੱਚ ਬੋਲੇ ਜਦੋਂ ਉਨ੍ਹਾਂ ਨੂੰ ਪੇਪਰ ਚ ਦਿੱਤੇ ਬਿਆਨ ਬਾਰੇ ਪੁੱਛਿਆ ਗਿਆ ਕਿ ਤੁਸੀਂ ਆਪਣੇ ਬਿਆਨ ਵਿਚ ਕਿਹਾ ਕਿ ਇਹ ਆਰਡੀਨੈਂਸ ਬਿਲ ਕਿਸਾਨਾਂ ਦੇ ਹੱਕ ਵਿੱਚ ਹੈ ਉਹ ਕਿਹੜੇ ਕਿਹੜੇ ਹੱਕ ਹਨ ਜਿੰਨਾਂ ਨਾਲ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ ਤਾਂ ਉਹ ਸਵਾਲਾਂ ਤੋਂ ਭੱਜਦੇ ਨਜ਼ਰ ਆਏ । ਇਹ ਸਾਰੀ ਜਾਣਕਾਰੀ ਲੋਕ ਇਨਸਾਫ਼ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਇੰਚਾਰਜ ਜਗਦੇਵ ਸਿੰਘ ਭੁੱਲਰ ਨੇ ਦਿੰਦਿਆਂ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ ਜੇ ਸੈੰਟਰ ਸਰਕਾਰ ਨੇ ਇਹ ਕਿਸਾਨ ਮਾਰ ਬਿਲ ਵਾਪਸ ਨਾ ਲਿਆ ਤਾਂ ਸਾਡੇ ਵੱਲੋਂ ਸਾਰੇ ਬੀਜੇਪੀ ਆਗੂਆਂ ਦਾ ਘਿਰਾਉ ਕੀਤਾ ਜਾਵੇਗਾ । ਸ. ਭੁੱਲਰ ਨੇ ਪੰਜਾਬ ਭਾਜਪਾ ਦੇ ਸਮੂਹ ਆਗੂਆਂ ਨੂੰ ਕਿਸਾਨਾਂ ਦੇ ਹੱਕ ਵਿੱਚ ਅਸਤੀਫੇ ਦੇਣ ਦੀ ਸਲਾਹ ਵੀ ਦਿੱਤੀ । ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਵੱਲੋਂ ਸਮੂਹਿਕ ਅਸਤੀਫੇ ਦੇਕੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਦੇ ਲੋਕ ਇਨ੍ਹਾਂ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ । ਇਸ ਸਮੇਂ ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਆਗੂ ਮਹਿੰਦਰਪਾਲ ਸਿੰਘ ਦਾਨਗੜ੍ਹ, ਜਸਵਿੰਦਰ ਸਿੰਘ ਰਿਖੀ ਹਲਕਾ ਇੰਚਾਰਜ ਧੂਰੀ ,ਜਗਦੇਵ ਸਿੰਘ ਧਨੋਆ ਮੀਤ ਪ੍ਰਧਾਨ ਸੰਗਰੂਰ, ਜਗਜੀਤ ਸਿੰਘ ਗਿੱਲ ਹਲਕਾ ਇੰਚਾਰਜ ਸੁਨਾਮ ,ਮਸਤਾਨਾ ਸਿੰਘ ਹਲਕਾ ਇੰਚਾਰਜ ਦਿੜਬਾ, ਬਲਜਿੰਦਰ ਸਿੰਘ ,ਬਲਵੀਰ ਸਿੰਘ ,ਲਾਭ ਸਿੰਘ, ਗੁਰਵਿੰਦਰ ਸਿੰਘ ਜੈਰੀ ਆਦਿ ਹਾਜ਼ਰ ਸਨ ।
ਮੋਦੀ ਦਾ ਪੁਤਲਾ ਫੂਕਦੇ ਲੋਕ ਇਨਸਾਫ ਪਾਰਟੀ ਦੇ ਆਗੂ.