ਭਵਾਨੀਗੜ੍ਹ (ਗੁਰਵਿੰਦਰ ਸਿੰਘ) : ਕਿਸਾਨ ਮਾਰਚ 'ਚ ਹਿੱਸਾ ਲੈਣ ਲਈ ਪਾਰਟੀ ਵਰਕਰਾਂ ਸਮੇਤ ਵੱਡੇ ਕਾਫਿਲੇ ਨਾਲ ਚੰਡੀਗੜ੍ਹ ਜਾਂਦੇ ਸਮੇਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਭਵਾਨੀਗੜ੍ਹ 'ਚ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਾਲਾਝਾੜ ਟੋਲ ਪਲਾਜ਼ਾ 'ਤੇ ਮੌਜੂਦ ਵੱਡੀ ਗਿਣਤੀ 'ਚ ਕਿਸਾਨਾਂ ਨੇ ਰੋਸ ਵਜੋਂ ਆਪਣੇ ਜੁੱਤੇ ਹੱਥਾਂ 'ਚ ਫੜ੍ਹ ਕੇ ਹਰਸਿਮਰਤ ਕੌਰ ਬਾਦਲ ਦੇ ਕਾਫ਼ਿਲੇ ਨੂੰ ਦਿਖਾਏ ਅਤੇ ਅਕਾਲੀ ਦਲ ਮੁਰਦਾਬਾਦ ਦੇ ਨਾਅਰੇ ਲਗਾਏ। ਦਰਅਸਲ ਇੱਥੇ ਕੇਂਦਰੀ ਬਿੱਲਾਂ ਖਿਲਾਫ਼ ਕਾਲਾਝਾੜ ਟੋਲ ਪਲਾਜਾ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਪੱਕਾ ਮੋਰਚਾ ਲਾਈ ਬੈਠੇ ਕਿਸਾਨਾਂ ਦੇ ਸਾਹਮਣੇ ਤੋਂ ਜਿਵੇਂ ਹੀ ਹਰਸਿਮਰਤ ਕੌਰ ਬਾਦਲ ਦਾ ਕਾਫਿਲਾ ਗੁਜਰਣ ਲੱਗਾ ਤਾਂ ਕਿਸਾਨਾਂ ਦਾ ਗੁੱਸਾ ਚਰਮ 'ਤੇ ਪਹੁੰਚ ਗਿਆ। ਕਿਸਾਨਾਂ ਨੇ ਬੀਬੀ ਬਾਦਲ ਨੂੰ ਦੇਖ ਕੇ 'ਅਕਾਲੀ ਦਲ ਮੁਰਦਾਬਾਦ' 'ਕਿਸਾਨ ਏਕਤਾ ਜਿੰਦਾਬਾਦ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।