ਭਵਾਨੀਗੜ੍ਹ(ਗੁਰਵਿੰਦਰ ਸਿੰਘ) ਦਿੱਲੀ ਕੱਟੜਾ ਐਕਸਪ੍ਰੈਸ ਵੇਅ ਬਣਨ ਦੇ ਵਿਰੋਧ ਵਿੱਚ ਇਲਾਕੇ ਦੇ ਕਿਸਾਨਾਂ ਵੱਲੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਪਿੰਡ ਰੌਸ਼ਨਵਾਲਾ ਵਿਖੇ ਅੱਜ 11ਵੇਂ ਦਿਨ ਦੇ ਧਰਨੇ ਦੌਰਾਨ ਐਕਸਪ੍ਰੈਸ ਵੇਅ ਦੇ ਸਰਵੇ ਕਰਨ ਆਏ ਚੌਥੀ ਵਾਰ ਇੱਕ ਮੁਲਾਜਮ ਨੂੰ ਕਾਬੂ ਕਰਕੇ ਧਰਨੇ ਵਿੱਚ ਬੰਦੀ ਬਣਾਇਆ ਇਸ ਮੌਕੇ ਦਿੱਲੀ ਕੱਟੜਾ ਐਕਸਪ੍ਰੈਸ ਵੇਅ ਸੰਘਰਸ਼ ਕਮੇਟੀ ਦੇ ਬਲਾਕ ਆਗੂ ਹਰਮਨਪ੍ਰੀਤ ਸਿੰਘ ਡਿੱਕੀ , ਪ੍ਰਦੀਪ ਸਿੰਘ ,ਜਗਜੀਤ ਸਿੰਘ ਮੀਰਹੇੜੀ, ਜੋਗਾ ਸਿੰਘ ਫੱਗੂਵਾਲਾ, ਜੋਗਿੰਦਰ ਸਿੰਘ ਕਪਿਆਲ, ਜਗਵਿੰਦਰ ਸਿੰਘ , ਰਾਂਝਾ ਸਿੰਘ ਖੇੜੀ ਚੰਦਵਾਂ ਅਤੇ ਕਰਨੈਲ ਸਿੰਘ ਕਪਿਆਲ ਨੇ ਕਿਹਾ ਕਿ ਐਕਸਪ੍ਰੈਸ ਵੇਅ ਦੇ ਮੁਲਾਜਮ ਧੱਕੇ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਦਾਖਲ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਪਹਿਲਾਂ ਤਿੰਨ ਵਾਰ ਠੇਕੇਦਾਰ ਦੇ ਮੁਲਾਜਮਾਂ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ਅੱਜ ਦੁਬਾਰਾ ਫਿਰ ਠੇਕੇਦਾਰ ਦੀ ਸਰਵੇ ਕਰਨ ਵਾਲੀ ਟੀਮ ਦਾ ਇਕ ਵਿਅਕਤੀ ਜਤਿੰਦਰ ਚੌਬੇ ਉਨ੍ਹਾਂ ਦੇ ਖੇਤਾਂ ਵਿੱਚ ਸਰਵੇ ਕਰਨ ਦੇ ਬਹਾਨੇ ਦਾਖਲ ਹੋ ਗਿਆ ਸੀ ,ਜਿਸ ਨੂੰ ਕਾਬੂ ਕਰਕੇ ਕਿਸਾਨਾਂ ਨੇ ਇੱਥੇ ਧਰਨੇ ਵਿੱਚ ਲਿਆਂਦਾ । ਉਨ੍ਹਾਂ ਕਿਹਾ ਕਿ ਸੜਕ ਬਣਾਉਣ ਵਾਲੀ ਕੰਪਨੀ ਦੇ ਮੁਲਾਜਮ ਜਾਣਬੁੱਝਕੇ ਖੇਤਾਂ ਵਿੱਚ ਦਾਖਲ ਹੋ ਰਹੇ ਹਨ । ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਸ ਸਮੇ ਤੱਕ ਨਵੀਂ ਦਿੱਲੀ ਕੱਟੜਾ ਐਕਸਪ੍ਰੈਸ ਵੇਅ ਲਈ ਜਮੀਨ ਦੇਣ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ । ਇਸੇ ਦੌਰਾਨ ਭਵਾਨੀਗੜ੍ਹ ਥਾਣਾ ਮੁਖੀ ਗੁਰਦੀਪ ਸਿੰਘ ਨੇ ਧਰਨੇ ਵਿੱਚ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ,ਪਰ ਸ਼ਾਮ ਤੱਕ ਕੋਈ ਨਿਬੇੜਾ ਨਹੀਂ ਹੋਇਆ ।