ਕੇਂਦਰ ਸਰਕਾਰ ਦੀ ਗ਼ਲਤ ਫ਼ਹਿਮੀ ਜਲਦੀ ਦੂਰ ਕਰਾਂਗੇ - ਤਲਵਿੰਦਰ ਮਾਨ

ਭਵਾਨੀਗੜ੍(ਗੁਰਵਿੰਦਰ ਸਿੰਘ)ਅੱਜ ਦਿੱਲੀ ਮੋਰਚਾ ਲੱਗੇ ਨੂੰ ਇਕ ਮਹੀਨੇ ਤੋਂ ਉੱਪਰ ਸਮਾਂ ਹੋ ਚੁੱਕਾ ਹੈ ਪਰ ਕੇਂਦਰ ਦੀ ਹੰਕਾਰੀ ਹੋਈ ਭਾਜਪਾ ਸਰਕਾਰ ਅਜੇ ਤਕ ਕਿਸਾਨਾਂ ਦੀ ਸਾਰ ਨਹੀਂ ਲੈ ਰਹੀ। ਸ਼ਾਇਦ ਭਾਜਪਾ ਨੂੰ ਲੱਗਦਾ ਹੈ ਕਿ ਇਹ ਕਿਸਾਨ ਮੋਰਚਾ ਜਿਸ ਦੀ ਅਗਵਾਈ ਪੰਜਾਬ ਕਰ ਰਿਹਾ ਹੈ ਆਪਣੇ ਆਪ ਹੀ ਆਉਣ ਵਾਲੇ ਕੁਝ ਸਮੇਂ ਵਿੱਚ ਪੰਜਾਬ ਸਮੇਤ ਬਾਕੀ ਸੂਬਿਆਂ ਦੇ ਕਿਸਾਨ ਨਿਰਾਸ਼ ਹੋ ਕੇ ਵਾਪਸ ਮੁੜ ਜਾਣਗੇ ਪਰ ਇਹ ਭਾਜਪਾ ਤੇ ਆਰ.ਐੱਸ.ਐੱਸ ਵਾਲੇ ਭੁੱਲ ਚੁੱਕੇ ਨੇ ਕਿ ਪੰਜਾਬੀ ਉਹ ਕੌਮ ਹੈ ਜਿਨ੍ਹਾਂ ਨੂੰ ਅਜਿਹੇ ਮੋਰਚੇ ਵਿਰਾਸਤ ਵਿੱਚ ਮਿਲੇ ਹਨ। ਮੋਦੀ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਉਸ ਨੇ ਭਾਰਤ ਦੇ ਬਾਕੀ ਸੂਬਿਆਂ ਉਪਰ ਆਪਣਾ ਕਬਜ਼ਾ ਜਮਾ ਲਿਆ ਹੈ ਉਸੇ ਤਰੀਕੇ ਹੀ ਉਹ ਪੰਜਾਬ ਨੂੰ ਵੀ ਦਬਾ ਲਵੇਗਾ ਪਰ ਉਸ ਦੀ ਇਹ ਗਲਤ ਫਹਿਮੀ ਬੜੀ ਜਲਦੀ ਕੱਢਾਂਗੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ (ਯੂਥ ਵਿੰਗ) ਦੇ ਕੌਮੀ ਪ੍ਰਧਾਨ ਤਲਵਿੰਦਰ ਸਿੰਘ ਮਾਨ ਨੇ ਪ੍ਰੈਸ ਨੋਟ ਰਾਹੀਂ ਪ੍ਰਗਟ ਕੀਤੇ ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਪਿਛਲੇ 7 ਮਹੀਨਿਆਂ ਤੋਂ ਲਗਾਤਾਰ ਇਨ੍ਹਾਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਲੜ ਰਹੀ ਹੈ ਅਤੇ ਅੱਜ ਵੀ ਲੋਕ ਇਨਸਾਫ ਪਾਰਟੀ ਦੇ ਵੱਖ-ਵੱਖ ਲੀਡਰ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਪਰ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਘਿਰਾਓ ਕਰੀ ਬੈਠੇ ਹਨ। ਅਤੇ ਜਦੋਂ ਤਕ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਇਹ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਲੋਕ ਇਨਸਾਫ਼ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ ਅਤੇ ਚਾਹੇ ਕੋਈ ਵੀ ਕੁਰਬਾਨੀ ਦੇਣੀ ਪੈ ਜਾਵੇ ਲੋਕ ਇਨਸਾਫ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਕਿਸੇ ਵੀ ਹਾਲਤ ਵਿੱਚ ਪਿੱਛੇ ਨਹੀਂ ਹਟਣਗੇ। ਉਨ੍ਹਾਂ ਆਪਣੇ ਪ੍ਰੈੱਸ ਨੋਟ ਵਿੱਚ ਰਵਾਇਤੀ ਪਾਰਟੀਆਂ ਉੱਪਰ ਵਰ੍ਹਦਿਆਂ ਲਿਖਿਆ ਕਿ ਇਨ੍ਹਾਂ ਪਾਰਟੀਆਂ ਨੇ ਲੋਕਾਂ ਨੂੰ ਝੂਠੇ ਵਾਅਦੇ ਅਤੇ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ। ਉਨ੍ਹਾਂ ਪੰਜਾਬ ਦੀ ਆਮ ਲੋਕਾਂ ਨੂੰ ਅਪੀਲ ਕਰਦਿਆਂ ਬੇਨਤੀ ਕੀਤੀ ਕਿ ਜਾਤ-ਪਾਤ ਧਰਮ-ਮਜ਼੍ਹਬ ਤੋਂ ਉੱਪਰ ਉੱਠ ਕੇ ਵੱਧ ਤੋਂ ਵੱਧ ਇਸ ਕਿਸਾਨੀ ਘੋਲ ਵਿੱਚ ਆਪਣਾ ਯੋਗਦਾਨ ਪਾਓ ਤਾਂ ਕਿ ਮੋਦੀ ਸਰਕਾਰ ਨੂੰ ਜਲਦ ਤੋਂ ਜਲਦ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ।