ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਆਮ ਲੋਕਾਂ ਨੂੰ ਦੋਨੋਂ ਹੱਥੀਂ ਲੁੱਟਣ ਲੱਗੀਆਂ - ਤਲਵਿੰਦਰ ਮਾਨ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੰਤਰਰਾਸ਼ਟਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਕੇਦਰ ਸਰਕਾਰ ਵਲੋਂ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਹਰ ਰੋਜ਼ ਬੇਤਹਾਸ਼ਾ ਵਧਾਈਆ ਜਾ ਰਹੀਆਂ ਹਨ ਜਿਸ ਨਾਲ ਮਹਿੰਗਾਈ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਸੰਗਰੂਰ ਤਲਵਿੰਦਰ ਸਿੰਘ ਮਾਨ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਤਲਵਿੰਦਰ ਮਾਨ ਨੇ ਕਿਹਾ ਕਿ ਕੇਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਣ ਲਈ ਜਾਣਬੁੱਝ ਕੇ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਹਰ ਰੋਜ ਲਗਾਤਾਰ ਵਾਧਾ ਕਰਕੇ ਆਮ ਲੋਕਾਂ, ਮੱਧ ਵਰਗ, ਗਰੀਬਾਂ, ਟਰਾਸਪੋਟਰਾਂ, ਕਿਸਾਨਾਂ ਦੀ ਆਰਥਿਕਤਾ ਤੇ ਭਾਰੀ ਸੱਟ ਮਾਰ ਰਹੀ ਹੈ। ਉਨਾਂ ਕਿਹਾ ਕਿ ਡੀਜਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਤੇ ਕੇਦਰ ਵਲੋਂ ਲਗਾਏ ਟੈਕਸਾਂ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਵੀ ਵੱਡੇ ਟੈਕਸ ਲਗਾਏ ਹੋਏ ਹਨ। ਅੱਜ ਜਿੱਥੇ ਕੇਦਰ ਸਰਕਾਰ ਆਮ ਗਰੀਬ ਲੋਕਾਂ ਦੇ ਹਿੱਤਾਂ ਬਜਾਏ ਕਾਰਪੋਰੇਟਾਂ ਦਾ ਖਿਆਲ ਰੱਖ ਰਹੀ ਹੈ ਉੱਥੇ ਮੋਜੂਦਾ ਪੰਜਾਬ ਸਰਕਾਰ ਤੇਲ ਦੀਆਂ ਕੀਮਤਾਂ ਤੇ ਆਪਣੇ ਵਲੋਂ ਲਾਏ ਟੈਕਸਾਂ ਨੂੰ ਘੱਟਾ ਕੇ ਕੋਈ ਰਾਹਤ ਦੇਣ ਦੀ ਜਗ੍ਹਾ ਮੂਕ ਦਰਸ਼ਕ ਬਣੀ ਬੈਠੀ ਹੈ। ਉਨ੍ਹਾਂ ਕੇਦਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਨੂੰ ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਅਤੇ ਜੇਕਰ ਜਲਦੀ ਇਸ ਮਹਿੰਗਾਈ ਨੂੰ ਠੱਲ੍ਹ ਨਾ ਪਾਈ ਗਈ ਤਾਂ ਕੇਂਦਰ ਅਤੇ ਸੂਬਾ ਸਰਕਾਰਾਂ ਖ਼ਿਲਾਫ਼ ਆਉਣ ਵਾਲੇ ਸਮੇਂ ਵਿਚ ਪਾਰਟੀ ਵੱਲੋਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।