ਭਵਾਨੀਗੜ (ਗੁਰਵਿੰਦਰ ਸਿੰਘ ) ਦਿਨੀਂ ਭਵਾਨੀਗੜ੍ਹ-ਸੰਗਰੂਰ ਹਾਈਵੇਅ ਉਪਰ ਪਿਛਲੇ ਕਈ ਮਹੀਨਿਆਂ ਤੋਂ ਧਰਨਾ ਲਗਾਈ ਬੈਠੇ ਕਿਸਾਨਾਂ ਦੇ ਹੱਕ ਵਿੱਚ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਸੰਗਰੂਰ ਤਲਵਿੰਦਰ ਸਿੰਘ ਮਾਨ ਸ਼ਾਮਲ ਹੋਣ ਲਈ ਪੁੱਜੇ। ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਤਲਵਿੰਦਰ ਮਾਨ ਸਮੇਂ-ਸਮੇਂ ਤੇ ਇਸ ਧਰਨੇ ਵਿੱਚ ਸ਼ਮੂਲੀਅਤ ਕਰਦੇ ਰਹੇ ਹਨ ਅਤੇ ਮਾਨ ਦੇ ਕਹਿਣ ਤੇ ਹੀ ਪਾਰਟੀ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਨ੍ਹਾਂ ਕਿਸਾਨਾਂ ਦੇ ਹੱਕ ਵਿਚ ਵਿਧਾਨ ਸਭਾ ਚ' ਇਸ ਐਕਸਪ੍ਰੈੱਸਵੇਅ ਦਾ ਮੁੱਦਾ ਉਠਾਇਆ ਸੀ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਿੱਥੇ ਮਾਨ ਨੇ ਵਿਧਾਨ ਸਭਾ ਵਿੱਚ ਉਠਾਏ ਗਏ ਮੁੱਦੇ ਦੀ ਆਡੀਓ ਰਿਕਾਰਡਿੰਗ ਮਾਈਕ ਰਾਹੀਂ ਲੋਕਾਂ ਨੂੰ ਸੁਣਾਈ ਉਥੇ ਹੀ ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਇਸ ਮੁੱਦੇ ਨੂੰ ਹੱਲ ਕਰਨ ਲਈ ਸਾਫ਼ ਨੀਅਤ ਨਹੀਂ ਰੱਖਦੀ।
ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਇਸ ਮੁੱਦੇ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਨੇ ਜੋ ਕਮੇਟੀ ਗਠਿਤ ਕੀਤੀ ਹੈ ਤੇ ਜਿਸਦਾ ਚੇਅਰਮੈਨ ਪੰਜਾਬ ਸਰਕਾਰ ਦਾ ਪੀ.ਡਬਲਿਊ.ਡੀ ਮੰਤਰੀ ਅਤੇ ਸੰਗਰੂਰ ਤੋਂ ਵਿਧਾਇਕ ਵਿਜੈਇੰਦਰ ਸਿੰਗਲਾ ਨੂੰ ਲਗਾਇਆ ਗਿਆ ਹੈ ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਇੱਕ ਵਾਰ ਵੀ ਉਹ ਆਪਣੇ ਹਲਕੇ ਦੇ ਇਨ੍ਹਾਂ ਦੁਖੀ ਕਿਸਾਨਾਂ ਦੀ ਸਾਰ ਲੈਣ ਲਈ ਇਸ ਧਰਨੇ ਵਿੱਚ ਨਹੀਂ ਪੁੱਜਿਆ ਅਤੇ ਨਾ ਹੀ ਉਸ ਵੱਲੋਂ ਕੋਈ ਸਾਰਥਕ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਅਖੀਰ ਵਿੱਚ ਕਿਹਾ ਤੇ ਆਉਣ ਵਾਲੀ 2022 ਦੀ ਵਿਧਾਨ ਸਭਾ ਚੋਣ ਵਿੱਚ ਹਲਕਾ ਸੰਗਰੂਰ ਦੇ ਲੋਕ ਸਿੰਗਲਾ ਦੇ ਇਸ ਹੰਕਾਰੀ ਰਵੱਈਏ ਦਾ ਮੂੰਹ ਤੋੜਵਾਂ ਜਵਾਬ ਦੇਣਗੇ।